ਗਰੀਬ ਪ੍ਰਵਾਸੀ ਮਜ਼ਦੂਰਾਂ ਦੇ ਨਵਜਾਤ ਬੱਚੇ ਚੁੱਕ ਕੇ ਕਰਦੇ ਸੀ ਤਸਕਰੀ, ਮੋਟੀ ਕਮਾਈ ਕਰਦੇ ਗਿਰੋਹ ਦਾ ਪਰਦਾਫਾਸ਼
ਰੂਪਨਗਰ (ਵੀਓਪੀ ਬਿਊਰੋ) – ਪੰਜਾਬ ਵਿੱਚ ਇੱਕ ਨਵੇਂ ਤਰ੍ਹਾਂ ਦਾ ਗਿਰੋਹ ਸਰਗਰਮ ਹੈ, ਜੋ ਨਵਜਾਤ ਬੱਚਿਆਂ ਦੀ ਚੋਰੀ ਕਰਦੇ ਸਨ ਅਤੇ ਅੱਗੇ ਮੋਟਾ ਪੈਸਾ ਲੈਕੇ ਵੇਚ ਦਿੰਦੇ ਸਨ। ਉਕਤ ਗਿਰੋਹ ਨੂੰ ਰੂਪਨਗਰ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਗਿਰੋਹ ਦਾ ਭਾਂਡਾ ਫੋੜ ਕੀਤਾ ਹੈ। ਪੰਜਾਬ ਪੁਲਿਸ ਨੇ ਪਰਵਾਸੀ ਮਜ਼ਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਗਿਰੋਹ ਦੇ ਮੈਂਬਰ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਕਈ ਮਾਮਲਿਆਂ ਤੋਂ ਭੇਦ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ। ਉੱਥੇ ਹੀ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਬੱਚੇ ਗਾਇਬ ਹੋ ਗਏ ਸਨ, ਉਨ੍ਹਾਂ ਨੂੰ ਵੀ ਆਪਣੇ ਬੱਚੇ ਵਾਪਸ ਮਿਲਣ ਦੀ ਉਮੀਦ ਮਿਲ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੂਰਜ ਕੁਮਾਰ ਵਾਸੀ ਪਿੰਡ ਦਾਨਾਪੁਰ ਹਨੀਸਾਬਾਦ ਥਾਣਾ ਸਹਿਰਸਾ, ਜ਼ਿਲ੍ਹਾ ਸਹਿਰਸਾ (ਬਿਹਾਰ) ਹਾਲ ਵਾਸੀ ਪਿੰਡ ਨੰਗਲ ਸਲੇਮਪੁਰ, ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਦੀ ਪਤਨੀ ਨੇ ਡੇਢ ਮਹੀਨਾ ਪਹਿਲਾਂ ਇੱਕ ਸੋਹਣੇ-ਸੁਨੱਖੇ ਪੁੱਤਰ ਨੂੰ ਜਨਮ ਦਿੱਤਾ ਸੀ। ਬੱਚੇ ਦੇ ਇਲਾਜ ਦੌਰਾਨ ਉਨ੍ਹਾਂ ਦੀ ਮੁਲਾਕਾਤ ਕੁਲਵਿੰਦਰ ਕੌਰ ਵਾਸੀ ਨੰਗਲ ਸਲੇਮਪੁਰ ਜੋ ਕੇ ਆਸ਼ਾ ਵਰਕਰ ਸੀ, ਦੇ ਨਾਲ ਹੋਈ। ਇਸ ਤੋਂ ਬਾਅਦ ਕੁਲਵਿੰਦਰ ਕੌਰ ਪਰਵਾਸੀ ਮਜ਼ਦੂਰ ਦੇ ਪਰਿਵਾਰ ਨੂੰ ਆਪਣੇ ਘਰ ਲੈ ਗਈ। ਪਰਵਾਸੀ ਮਜ਼ਦੂਰ ਦਾ ਪਰਿਵਾਰ 10-15 ਦਿਨ ਕੁਲਵਿੰਦਰ ਕੌਰ ਦੇ ਘਰ ਰਿਹਾ ਤੇ ਇਸ ਦੌਰਾਨ ਕੁਲਵਿੰਦਰ ਕੌਰ ਨੇ ਉਨ੍ਹਾਂ ਦਾ ਸਾਰਾ ਖਰਚਾ ਕੀਤਾ।
ਇਸੇ ਦੌਰਾਨ ਕੁਲਵਿੰਦਰ ਕੌਰ ਨੇ ਸੂਰਜ ਕੁਮਾਰ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਅੜੈਚਾਂ, ਥਾਣਾ ਦੋਰਾਹਾ ਨਾਲ ਮਿਲਾਇਆ। ਇਸੇ ਦੌਰਾਨ ਕੁਲਵਿੰਦਰ ਕੌਰ ਤੇ ਹਰਪ੍ਰੀਤ ਸਿੰਘ ਸੂਰਜ ਕੁਮਾਰ ਨੂੰ ਕਹਿਣ ਲੱਗੇ ਕਿ ਉਹ ਉਸ ਦੇ ਪਰਿਵਾਰ ਨੂੰ ਘਰੋਂ ਕੱਢ ਦੇਣਗੇ, ਜਿਸ ਤੋਂ ਸੂਰਜ ਡਰ ਗਿਆ। ਫਿਰ ਦੋਵੇਂ ਸੂਰਜ ਨੂੰ ਕਹਿਣ ਲੱਗੇ, ‘ਤੂੰ ਬਹੁਤ ਗਰੀਬ ਹੈ, ਤੂੰ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦਾ, ਤੂੰ ਆਪਣੇ ਬੱਚੇ ਨੂੰ ਕਿਸੇ ਲੋੜਵੰਦ ਵਿਅਕਤੀ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਦੇ ਦੇ।’ ਸੂਰਜ ਕੁਮਾਰ ਉਪਰੋਕਤ ਦੋਵਾਂ ਵਿਅਕਤੀਆਂ ਦੀਆਂ ਗੱਲਾਂ ਵਿੱਚ ਆ ਕੇ 18 ਅਗਸਤ ਨੂੰ ਕੁਲਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਨਾਲ ਰੋਪੜ ਆ ਗਿਆ ਜਿੱਥੇ ਕਿ ਗੁਰਦੁਆਰਾ ਭੱਠਾ ਸਾਹਿਬ ਨੇੜੇ ਹਰਪ੍ਰੀਤ ਸਿੰਘ ਨੇ ਅਮਨਦੀਪ ਕੌਰ ਅਤੇ ਰਜਿੰਦਰ ਕੌਰ ਜੋ ਕੇ ਲੁਧਿਆਣਾ ਨਾਲ ਸਬੰਧਿਤ ਹਨ, ਨੂੰ ਪਹਿਲਾਂ ਹੀ ਬੁਲਾਇਆ ਹੋਇਆ ਸੀ ਅਤੇ ਉਕਤ ਚਾਰੇ ਆਪਸ ਵਿੱਚ ਉਸ ਦੇ ਬੇਟੇ ਦੀ ਸੌਦੇਬਾਜ਼ੀ ਕਰਨ ਲੱਗ ਪਏ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਰੂਪਨਗਰ ਵਿਖੇ ਕੁਲਵਿੰਦਰ ਕੌਰ, ਹਰਪ੍ਰੀਤ ਸਿੰਘ, ਅਮਨਦੀਪ ਕੌਰ ਅਤੇ ਰਾਜਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਤਫਤੀਸ਼ ਉਪ-ਕਪਤਾਨ ਪੁਲਿਸ, ਸਬ ਡਵੀਜ਼ਨ, ਰੂਪਨਗਰ ਹਰਪਿੰਦਰ ਕੌਰ ਗਿੱਲ ਦੀ ਨਿਗਰਾਨੀ ਹੇਠ ਇੰਸਪੈਕਟਰ ਪਵਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਅਤੇ ਇੰਚਾਰਜ ਸੀਆਈ੍ਏ ਸਟਾਫ ਦੀਆ ਟੀਮਾਂ ਬਣਾ ਕੇ ਅਮਲ ਵਿੱਚ ਲਿਆਂਦੀ ਗਈ।