ਯੂ.ਪੀ. ਦੇ ਅਲੀਗੜ੍ਹ ਤੇ ਮੇਰਠ ਤੋਂ ਆਕੇ ਚੋਰਾਂ ਨੇ ਕੀਤੀ ਸੀ ਮੰਦਿਰ ‘ਚ ਬੇਅਦਬੀ ਤੇ ਚੋਰੀ, 4 ਮੁਲਜ਼ਮ ਗ੍ਰਿਫਤਾਰ

ਯੂ.ਪੀ. ਦੇ ਅਲੀਗੜ੍ਹ ਤੇ ਮੇਰਠ ਤੋਂ ਆਕੇ ਚੋਰਾਂ ਨੇ ਕੀਤੀ ਸੀ ਮੰਦਿਰ ‘ਚ ਬੇਅਦਬੀ ਤੇ ਚੋਰੀ, 4 ਮੁਲਜ਼ਮ ਗ੍ਰਿਫਤਾਰ

ਖੰਨਾ (ਵੀਓਪੀ ਬਿਊਰੋ)- 15 ਅਗਸਤ ਦੀ ਰਾਤ ਨੂੰ ਖੰਨਾ ਦੇ ਸ਼ਿਵ ਮੰਦਿਰ ਵਿੱਚ ਚੋਰਾਂ ਨੇ ਧਾਵਾ ਬੋਲਿਆ ਸੀ। ਇਸ ਦੌਰਾਨ ਚੋਰਾਂ ਨੇ ਬੇਅਦਬੀ ਕਰਦੇ ਹੋਏ ਜਿੱਥੇ ਸ਼ਿਵਲਿੰਗ ਨੂੰ ਖੰਡਿਤ ਕਰਦੇ ਹੋਏ ਚਾਂਦੀ ਦਾ ਮੁਕਟ ਉਤਾਰ ਲਿਆ ਸੀ ਉੱਥੇ ਹੀ ਮੰਦਿਰ ਵਿੱਚ ਸਥਾਪਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਸੋਨੇ ਦੇ ਗਹਿਣੇ ਵੀ ਉਤਾਰ ਲਏ ਸਨ ਅਤੇ ਗੱਲੇ ਵਿੱਚ ਪਏ ਪੈਸੇ ਵੀ ਕੱਢ ਕੇ ਲਏ ਗਏ ਸਨ। ਉਕਤ ਘਟਨਾ ਤੋਂ ਬਾਅਦ ਹੀ ਹਿੰਦੂ ਜੱਥੇਬੰਦੀਆਂ ਰੋਹ ਵਿੱਚ ਆ ਗਈਆਂ ਸਨ, ਮੰਦਿਰ ਵਿੱਚ ਵਾਪਰੀ ਬੇਅਦਬੀ ਦੀ ਇਸ ਘਟਨਾ ਦੇ ਖਿਲਾਫ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਸੀ। ਸ਼ਰਧਾਲੂਆਂ ਤੇ ਹਿੰਦੂ ਜੱਥੇਬੰਦੀਆਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਉਕਤ ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਅਤੇ ਚੋਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਸਥਾਨਕ ਪੁਲਿਸ ਨੇ ਉੱਤਰ ਪ੍ਰਦੇਸ਼ ਤੇ ਦਿੱਲੀ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਇਸ ਤੋਂ ਬਾਅਦ ਮੰਦਿਰ ਵਿੱਚ ਚੋਰੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਮੇਰਠ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦਾ ਇੱਕ ਸਾਥੀ ਦਿੱਲੀ ਜੇਲ੍ਹ ’ਚ ਵੀ ਹੈ। ਇਸ ਸਾਰੀ ਕਾਰਵਾਈ ’ਚ ਖੰਨਾ, ਬਟਾਲਾ, ਨੰਗਲ ਤੇ ਚੰਡੀਗੜ੍ਹ ਪੁਲਿਸ ਵੀ ਸਹਿਯੋਗ ਨਾਲ ਕੀਤੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਮੇਰਠ ਜ਼ਿਲ੍ਹਿਆਂ ਨਾਲ ਸਬੰਧਤ ਮੁਲਜ਼ਮਾਂ ਦਾ ਇੱਕ ਗਿਰੋਹ ਹੈ, ਸਿਰਫ਼ ਧਾਰਮਿਕ ਸਥਾਨ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਇਹ ਗੈਂਗ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇੱਕ ਜਾਂ ਦੋ ਦਿਨ ਪਹਿਲਾਂ ਰੇਕੀ ਕਰਦੇ ਹਨ ਤੇ ਮੱਥਾ ਟੇਕਣ ਜਾਂਦੇ ਹਨ ਤੇ ਫਿਰ ਰਾਤ ਨੂੰ ਮੌਕਾ ਮਿਲਣ ‘ਤੇ ਚੋਰੀ ਕਰਦੇ ਹਨ। ਪਤਾ ਲੱਗਾ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ’ਚ ਵੀ ਚੋਰੀਆਂ ਕੀਤੀਆਂ ਸਨ।

ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੀ 19 ਅਗਸਤ ਨੂੰ ਹੋਈ ਮੀਟਿੰਗ ’ਚ ਪੁਲਿਸ ਨੂੰ 26 ਅਗਸਤ ਤੱਕ ਦਾ ਅੰਤਿਮ ਅਲਟੀਮੇਟਮ ਦਿੱਤਾ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਦੇ ਫੜੇ ਜਾਣ ਦੀ ਖ਼ਬਰ ਹੈ। ਬੁੱਧਵਾਰ ਸ਼ਾਮ ਨੂੰ ਵੀ ਕੁਝ ਹਿੰਦੂ ਨੇਤਾ ਮੰਦਰ ‘ਚ ਆਏ ਸਨ। ਉਨ੍ਹਾਂ ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਨਾਲ ਮੀਟਿੰਗ ਕੀਤੀ। ਡੀਐੱਸਪੀ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ’ਚ ਲੈ ਲਿਆ ਜਾਵੇਗਾ। ਫਿਲਹਾਲ ਸੂਤਰਾਂ ਮੁਤਾਬਕ ਪੁਲਿਸ ਨੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!