ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ ‘ਤੇ ਸ਼ਬਦੀ ਹਮਲਾ… ਕਿਹਾ- ਕਾਕਾ ਜਿੰਨੀਂ ਤੇਰੀ ਉਮਰ, ਉਨੇਂ ਸਮੇਂ ਤੋਂ ਤਾਂ ਬੰਦੀ ਸਿੰਘ ਜੇਲ੍ਹਾਂ ਵਿੱਚ ਆ, ਤੂੰ ਸਵੇਰੇ ਜੇਲ੍ਹ ਜਾ ਕੇ ਸ਼ਾਮ ਨੂੰ ਬੰਦੀ ਸਿੰਘ ਬਣ ਗਿਆ

ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ ‘ਤੇ ਸ਼ਬਦੀ ਹਮਲਾ… ਕਿਹਾ- ਕਾਕਾ ਜਿੰਨੀਂ ਤੇਰੀ ਉਮਰ, ਉਨੇਂ ਸਮੇਂ ਤੋਂ ਤਾਂ ਬੰਦੀ ਸਿੰਘ ਜੇਲ੍ਹਾਂ ਵਿੱਚ ਆ, ਤੂੰ ਸਵੇਰੇ ਜੇਲ੍ਹ ਜਾ ਕੇ ਸ਼ਾਮ ਨੂੰ ਬੰਦੀ ਸਿੰਘ ਬਣ ਗਿਆ

ਲੌਂਗੋਵਾਲ/ਸੰਗਰੂਰ (ਵੀਓਪੀ ਬਿਊਰੋ) – ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਸਮਾਗਮ ਕਰਵਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਉੱਥੇ ਹਾਜ਼ਰੀ ਭਰੀ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸੇ ਸਮੇਂ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਆਪਣੀਆਂ-ਆਪਣੀਆਂ ਸਿਆਸੀ ਸਟੇਜਾਂ ਲਗਾ ਕੇ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਇਸ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੀਨੀਅਰ ਆਗੂਆਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਨੇ ਸਟੇਜ ‘ਤੇ ਸੰਬੋਧਨ ਕੀਤਾ, ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਢੀਂਡਸਾ ਪਰਿਵਾਰ ਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਬਾਦਲ ਪਰਿਵਾਰ ਦੇ ਖਿਲਾਫ ਬਿਆਨਬਾਜ਼ੀ ਕੀਤੀ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਭਲੇ ਦਾ ਸਿਰਫ ਇੱਕ ਹੀ ਪਾਰਟੀ ਸੋਚਦੀ ਹੈ ਅਤੇ ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ। ਇਸ ਦੌਰਾਨ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵੱਖਵਾਦੀ ਨੇਤਾ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੀ ਕਾਫੀ ਤੰਜ ਕੱਸੇ। ਸੁਖਬੀਰ ਬਾਦਲ ਨੇ ਕਿਹਾ ਕਿ ਬੰਦੀ ਸਿੱਖਾਂ ਨੂੰ ਅੰਮ੍ਰਿਤਪਾਲ ਨਾਲੋਂ ਵੀ ਵੱਧ ਸਾਲਾਂ ਦੀ ਸਜ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਕੈਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੋ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।

ਇਸ ਦੌਰਾਨ ਆਪਣੇ ਸੰਬਧੋਨ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਜਿੰਨੀ ਅੰਮ੍ਰਿਤਪਾਲ ਦੀ ਉਮਰ ਹੈ, ਉਨਾਂ ਸਮਾਂ ਤਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਹੋਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਸਵੇਰੇ ਜੇਲ੍ਹ ਵਿੱਚ ਜਾ ਕੇ ਸ਼ਾਮ ਤੱਕ ਆਪਣੇ ਆਪ ਨੂੰ ਬੰਦੀ ਸਿੰਘ ਐਲਾਨ ਦਿੰਦੇ ਹਨ ਪਰ ਜੋ ਬੰਦੀ ਸਿੰਘ ਦੋ-ਦੋ ਵਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦੇ ਲਈ ਕੋਈ ਗੱਲ ਨਹੀਂ ਕਰ ਰਿਹਾ। ਜਦ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਦਾ ਆਇਆ ਹੈ।

ਉਨ੍ਹਾਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਵੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਮਾਨ ਦੋਹਰੀ ਰਾਜਨੀਤੀ ਕਰਦੇ ਹਨ। ਵੋਟਾਂ ਹਾਸਲ ਕਰਨ ਲਈ ਉਹ ਖਾਲਿਸਤਾਨ ਦਾ ਏਜੰਡਾ ਅਪਣਾਉਂਦੇ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੀ ਸਰਵਉੱਚ ਪੰਚਾਇਤੀ ਪਾਰਲੀਮੈਂਟ ਵਿੱਚ ਜਾ ਕੇ ਸੰਵਿਧਾਨ ਦੀ ਸਹੁੰ ਚੁੱਕਦੇ ਹਨ। ਅਕਾਲੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਰਹੀ ਹੈ, ਹਰ ਮੁੱਦੇ ‘ਤੇ ਝੂਠ ਬੋਲਿਆ ਜਾ ਰਿਹਾ ਹੈ, ਅਸਲੀਅਤ ਕੁਝ ਹੋਰ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਨਾਲ ਧੋਖਾ ਕੀਤਾ ਹੈ। ਸੱਤਾ ਵਿੱਚ ਰਹਿੰਦਿਆਂ ਅਕਾਲੀ ਦਲ ਨੇ ਪੰਜਾਬ ਦਾ ਵਿਕਾਸ ਕੀਤਾ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ। ਪੰਜਾਬ ਦੇ ਪਾਣੀਆਂ ਦੀ ਰਾਖੀ ਸਿਰਫ ਅਕਾਲੀ ਦਲ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਪਾਣੀ ਖਤਰੇ ਵਿੱਚ ਹੈ। ਖੇਤੀ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਨੇ ਕਿਸਾਨਾਂ ਨੂੰ ਕਿਹਾ ਕਿ ਸੜਕਾਂ ਜਾਮ ਕਰਨ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ ਸਗੋਂ ਅੰਦੋਲਨ ਲਈ ਠੋਸ ਰਣਨੀਤੀ ਤੈਅ ਕਰਕੇ ਹੀ ਹੱਲ ਲੱਭਿਆ ਜਾ ਸਕਦਾ ਹੈ, ਜਿਵੇਂ ਕਿ ਅਕਾਲੀ ਦਲ ਕਰਦਾ ਆ ਰਿਹਾ ਹੈ।

error: Content is protected !!