ਸੁਰੇਸ਼ ਰੈਨਾ ਦੇ ਫੁੱਫੜ ਦਾ ਕ+ਤ+ਲ, 12 ਦੋਸ਼ੀਆਂ ਨੂੰ ਜੱਜ ਨੇ ਸੁਣਾ’ਤੀ ਉਮਰ ਕੈਦ
ਪਠਾਨਕੋਟ (ਵੀਓਪੀ ਬਿਊਰੋ) ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੀ ਹੱਤਿਆ ਦੇ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਨੇ ਸਾਰੇ 12 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਤੋਂ ਇਲਾਵਾ ਦੋਸ਼ੀਆਂ ‘ਤੇ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 19 ਅਗਸਤ 2020 ਦੀ ਰਾਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਵਿਖੇ ਅਣਪਛਾਤੇ ਲੁਟੇਰਿਆਂ ਨੇ ਠੇਕੇਦਾਰ ਅਸ਼ੋਕ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ (58) ਅਤੇ ਉਸ ਦੇ ਪੁੱਤਰ ਕੌਸ਼ਲ ਕੁਮਾਰ (32) ਦੀ ਮੌਤ ਹੋ ਗਈ।
ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਦੇਵੀ (55), ਪੁੱਤਰ ਅਪੀਨ ਕੁਮਾਰ (24) ਅਤੇ ਇੱਕ ਹੋਰ ਪਰਿਵਾਰਕ ਮੈਂਬਰ ਸੱਤਿਆ ਦੇਵੀ ਗੰਭੀਰ ਜ਼ਖ਼ਮੀ ਹੋ ਗਏ। ਸੀਨੀਅਰ ਵਕੀਲ ਹਰੀਸ਼ ਪਠਾਨੀਆ ਨੇ ਦੱਸਿਆ ਕਿ 20 ਅਗਸਤ 2020 ਨੂੰ ਪਠਾਨਕੋਟ ਵਾਸੀ ਸ਼ਾਮ ਲਾਲ ਨੇ ਅਸ਼ੋਕ ਕੁਮਾਰ ਅਤੇ ਕੋਸ਼ਲ ਕੁਮਾਰ ਦੇ ਕਤਲ ਅਤੇ ਆਸ਼ਾ ਰਾਣੀ, ਅਪੀਨ ਕੁਮਾਰ, ਸੱਤਿਆ ਦੇਵੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ ਸ਼ਾਹਪੁਰਕੰਡੀ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ।
ਆਸ਼ਾ ਰਾਣੀ ਡੇਢ ਸਾਲ ਤੱਕ ਹਸਪਤਾਲ ਵਿੱਚ ਕੋਮਾ ਵਿੱਚ ਰਹੀ। ਕੋਮਾ ਤੋਂ ਬਾਹਰ ਆਉਂਦਿਆਂ ਹੀ ਉਸ ਨੇ ਇਸ ਕੇਸ ਵਿੱਚ ਗਵਾਹੀ ਦਿੱਤੀ। ਸਜ਼ਾ ਸੁਣਾਏ ਜਾਣ ਵਾਲਿਆਂ ਵਿੱਚ ਸਵਰਨ ਉਰਫ਼ ਮੈਚਿੰਗ, ਸ਼ਾਹਰੁਖ ਖ਼ਾਨ ਉਰਫ਼ ਲੁਕਮਾਨ, ਮੁਹੱਬਤ, ਰਿਹਾਨ ਉਰਫ਼ ਸੋਨੂੰ, ਅਸਲਮ ਉਰਫ਼ ਨਾਸੋ, ਤਵਜਲ ਬੀਬੀ, ਕਾਜ਼ਮ ਉਰਫ਼ ਰੀਡਾ, ਚਾਹਤ ਉਰਫ਼ ਜਾਨ, ਜਬਰਾਨਾ, ਸਾਜਨ ਉਰਫ਼ ਆਮਿਰ, ਗੋਲੂ ਉਰਫ਼ ਸਹਿਜਾਨ ਅਤੇ ਛੱਜਾਲੀ ਸ਼ਾਮਲ ਹਨ।