ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਡੀਜ਼ਲ-ਪੈਟਰੋਲ, ਬਿਜਲੀ ਦੀ ਸਬਸਿਡੀ ਵੀ ਕੀਤੀ ਖਤਮ
ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਕੱਲ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਖਤਮ ਹੋ ਗਿਆ। ਇਸ ਇਜਲਾਸ ਦੌਰਾਨ ਛੇ ਬਿੱਲ ਸਰਕਾਰ ਨੇ ਪਾਸ ਕੀਤੇ ਹਨ। ਜਿਨਾਂ ਵਿੱਚ ਕਈ ਅਹਿਮ ਬਿੱਲ ਵੀ ਹਨ। ਇਸੇ ਦੇ ਨਾਲ ਮਾਨਸੂਨ ਇਜਲਾਸ ਖਤਮ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਦੀ ਹੋਈ ਮੀਟਿੰਗ ਤੋਂ ਬਾਅਦ ਕੁਝ ਅਜਿਹਾ ਐਲਾਨ ਕੀਤਾ ਹੈ, ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਤਗੜਾ ਝਟਕਾ ਲੱਗ ਗਿਆ। ਇਹ ਝਟਕਾ ਆਮ ਲੋਕਾਂ ਦੀ ਸਿੱਧਾ ਜੇਬ ‘ਤੇ ਅਸਰ ਕਰੇਗਾ। ਦਰਅਸਲ ਪੰਜਾਬ ਵਿੱਚ ਅੱਜ ਤੋਂ ਪੈਟਰੋਲ ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਹੈ। ਵੀਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੈਟਰੋਲ ‘ਤੇ 61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 92 ਪੈਸੇ ਪ੍ਰਤੀ ਲੀਟਰ ਵੈਟ ਵਧਾਇਆ ਗਿਆ ਹੈ। ਨਵਾਂ ਵੈਟ ਲਾਗੂ ਹੋਣ ਤੋਂ ਬਾਅਦ ਹੁਣ ਪੈਟਰੋਲ ਦੀ ਕੀਮਤ 97.03 ਰੁਪਏ ਤੋਂ ਵਧ ਕੇ 97.64 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ ਜਦਕਿ ਡੀਜ਼ਲ ਦੀ ਕੀਮਤ 87.34 ਰੁਪਏ ਤੋਂ ਵਧ ਕੇ 88.26 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਧੇ ਨਾਲ ਸਰਕਾਰ ਨੂੰ ਪੈਟਰੋਲ ‘ਤੇ 150 ਕਰੋੜ ਰੁਪਏ ਅਤੇ ਡੀਜ਼ਲ ‘ਤੇ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਾਧੂ ਰਾਸ਼ੀ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਖਰਚ ਕੀਤੀ ਜਾਵੇਗੀ। ਮਹਿੰਗਾਈ ਦੇ ਵਧਦੇ ਬੋਝ ‘ਤੇ ਪੁੱਛੇ ਸਵਾਲ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਨਾਲ ਲੋਕਾਂ ‘ਤੇ ਕੁਝ ਬੋਝ ਪਵੇਗਾ ਪਰ ਇਹ ਪੈਸਾ ਪੰਜਾਬ ਦੇ ਵਿਕਾਸ ਲਈ ਹੀ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 7 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਸੀ। ਇਹ ਦੋਹਰੀ ਸਬਸਿਡੀ ਸੀ। ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਜਾਰੀ ਰਹੇਗੀ।
Punjab petroldiesal price hike latest news