ਹਰਿਆਣਾ ਦੀ ਪਹਿਲਵਾਨ ਛੋਰੀ ਨੇ ਧਰਿਆ ਸਿਆਸਤ ‘ਚ ਪੈਰ, ਕਾਂਗਰਸ ਵੱਲੋਂ ਲੜੇਗੀ ਵਿਧਾਨਸਭਾ ਚੋਣਾਂ

ਹਰਿਆਣਾ ਦੀ ਛੋਰੀ ਨੇ ਧਰਿਆ ਸਿਆਸਤ ‘ਚ ਪੈਰ, ਕਾਂਗਰਸ ਵੱਲੋਂ ਲੜੇਗੀ ਵਿਧਾਨਸਭਾ ਚੋਣਾਂ

ਨਵੀਂ ਦਿੱਲੀ (ਵੀਓਪੀ ਬਿਊਰੋ): ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਹਰਿਆਣਾ ਦੀ ਰਾਜਨੀਤੀ ਵਿੱਚ ਆ ਗਈ ਹੈ। ਵਿਨੇਸ਼ ਫੋਗਾਟ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇਗੀ। ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੌਜੂਦਗੀ ‘ਚ ਦਿੱਲੀ ਵਿਖੇ ਕਾਂਗਰਸ ‘ਚ ਸ਼ਾਮਲ ਹੋਈ। ਇਸ ਦੇ ਨਾਲ ਹੀ ਕਾਂਗਰਸ ਬਜਰੰਗ ਪੂਨੀਆ ਨੂੰ ਸਟਾਰ ਪ੍ਰਚਾਰਕ ਬਣਾ ਸਕਦੀ ਹੈ। ਵਿਨੇਸ਼ ਫੋਗਾਟ ਚਰਖੀ ਦਾਦਰੀ, ਬੱਧੜਾ ਜਾਂ ਜੁਲਾਨਾ ਤੋਂ ਚੋਣ ਲੜ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਣ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਇਸ ਮੁੱਦੇ ਨੂੰ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਖ਼ਿਲਾਫ਼ ਵਰਤਣਾ ਚਾਹੁੰਦੀ ਹੈ। ਪਿਛਲੇ ਸਾਲ ਪਹਿਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ, ਦੀਪੇਂਦਰ ਹੁੱਡਾ ਅਤੇ ਰਣਦੀਪ ਸਿੰਘ ਸੂਰਜੇਵਾਲਾ ਜਨਤਕ ਤੌਰ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਸਨ।

ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਬਜਰੰਗ ਪੁਨੀਆ ਵੀ ਉਨ੍ਹਾਂ ਦੇ ਨਾਲ ਸਨ। ਰਾਹੁਲ ਗਾਂਧੀ ਨੇ ਵਿਨੇਸ਼ ਫੋਗਾਟ ਅਤੇ ਪੂਨੀਆ ਨਾਲ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਨਾਲ ਪਹਿਲਵਾਨਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਨੂੰ ਜਨਮ ਮਿਲਿਆ। ਕਿਆਸ ਲਗਾਏ ਜਾ ਰਹੇ ਹਨ ਕਿ ਵਿਨੇਸ਼ ਫੋਗਾਟ, ਜੋ ਮੂਲ ਰੂਪ ਵਿੱਚ ਚਰਖੀ ਦਾਦਰੀ ਦੀ ਰਹਿਣ ਵਾਲੀ ਹੈ, ਆਪਣੇ ਗ੍ਰਹਿ ਸ਼ਹਿਰ ਤੋਂ ਚੋਣ ਲੜਨ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ, ਉਸਦੇ ਪਰਿਵਾਰਕ ਸਬੰਧਾਂ ਅਤੇ ਪ੍ਰਭਾਵ ਨੂੰ ਦੇਖਦੇ ਹੋਏ, ਜੀਂਦ ਜ਼ਿਲੇ ਦਾ ਜੁਲਾਨਾ ਹਲਕਾ ਵੀ ਵਧੇਰੇ ਸੰਭਾਵਿਤ ਵਿਕਲਪ ਹੋ ਸਕਦਾ ਹੈ।

ਵਿਨੇਸ਼ ਫੋਗਾਟ ਹਾਲ ਹੀ ‘ਚ ਕਾਫੀ ਐਕਟਿਵ ਨਜ਼ਰ ਆਈ ਸੀ। ਉਹ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲਣ ਆਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨਾ ਪਹਿਲ ਬਣਨਾ ਚਾਹੀਦਾ ਹੈ। ਵਿਨੇਸ਼ ਫੋਗਾਟ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਬੇਟੀ ਤੁਹਾਡੇ ਨਾਲ ਹੈ। ਕਿਸਾਨਾਂ ਦੀਆਂ ਮੰਗਾਂ ‘ਨਾਜਾਇਜ਼’ ਨਹੀਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਗਟ ਨੇ ਕਿਹਾ ਕਿ ਕਿਸਾਨ ਇਸ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਅਜੇ ਤੱਕ ਨਹੀਂ ਮੰਨੀਆਂ ਗਈਆਂ ਹਨ।

error: Content is protected !!