ਸਾਬਕਾ ਪੁਲਿਸ ਅਧਿਕਾਰੀ ਦੇ ਘਰ ‘ਤੇ ਹਮਲੇ ਬਾਰੇ ਖੁੱਲੇ ਰਾਜ਼, ਬੱਬਰ ਖਾਲਸਾ ਇੰਟਰਨੈਂਸ਼ਨਲ ਨੇ ਲਈ ਜਿੰਮੇਵਾਰੀ

ਸੂਤਰਾਂ ਨੇ ਦੱਸਿਆ ਹੈ ਕਿ ਇੱਥੇ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਸੁੱਟੀ ਗਈ ਸੀ, ਜਿਸ ਕਾਰਨ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਨੇਡ ਹਮਲਾ ਸੀ। ਹੁਣ ਚੰਡੀਗੜ੍ਹ ਪੁਲਿਸ ਇੰਟੈਲੀਜੈਂਸ ਨੂੰ ਅਹਿਮ ਸੁਰਾਗ ਮਿਲੇ ਹਨ। ਐਸਐਸਪੀ ਚੰਡੀਗੜ੍ਹ ਨੇ ਦੱਸਿਆ ਕਿ ਧਮਾਕੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਅਤੇ ਕੁਝ ਬਰਤਨ ਆਦਿ ਟੁੱਟ ਗਏ।

ਹੁਣ ਸੋਸ਼ਲ ਮੀਡੀਆ ਉਤੇ ਇਕ ਕਥਿਤ ਪੋਸਟ ਵਾਇਰਲ ਹੋਈ ਹੈ। ਇਹ ਕਥਿਤ ਪੋਸਟ ਹੈਪੀ ਪਸ਼ੀਆ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ, ਹਾਲਾਂਕਿ ਪੁਲਿਸ ਇਸ ਪੋਸਟ ਦੀ ਜਾਂਚ ਕਰ ਰਹੀ ਹੈ। ਇਸ ਪੋਸਟ ਵਿਚ ਹੈਂਡ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਪੋਸਟ ‘ਚ ਦਾਅਵਾ ਕੀਤਾ ਹੈ ਕਿ ਉਹ ਨਕੋਦਰ ਵਿਚ 1986 ਵਿਚ ਸ਼ਹੀਦ ਕੀਤੇ ਸਿੰਘਾਂ ਦਾ ਬਦਲਾ ਲਿਆ ਗਿਆ ਹੈ। ਇਸ ਵਿਚ ਸੇਵਾਮੁਕਤ ਅਧਿਕਾਰੀ ਤੋਂ ਬਦਲਾ ਲਿਆ ਹੈ। ਪੋਸਟ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਉਧਰ, ਇਸ ਘਟਨਾ ਵਿੱਚ ਕਾਬੂ ਕੀਤੇ ਆਟੋ ਚਾਲਕ ਕੁਲਦੀਪ ਕੁਮਾਰ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ। ਆਟੋ ਚਾਲਕ ਨੇ ਪੁਲਿਸ ਨੂੰ ਉਹ ਸਾਰਾ ਰਸਤਾ ਦੱਸਿਆ, ਜਿਸ ਰਾਹੀਂ ਉਹ ਉਨ੍ਹਾਂ ਨੂੰ ਸੈਕਟਰ-10 ਲੈ ਕੇ ਗਿਆ ਸੀ।

ਜ਼ਿਕਰਯੋਗ ਹੈ ਕਿ ਆਟੋ ਚਾਲਕ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੈਕਟਰ-43 ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਜਦੋਂ ਇਹ ਦੋਵੇਂ ਦੋਸ਼ੀ ਆਏ। ਮੁਲਜ਼ਮਾਂ ਵਿੱਚੋਂ ਇੱਕ ਨੇ ਪਿੱਠ ‘ਤੇ ਬੈਗ ਚੱਕਿਆ ਹੋਇਆ ਸੀ ਅਤੇ ਦੋਵੇਂ ਇੱਕ ਦੂਜੇ ਨਾਲ ਬਹੁਤੀ ਗੱਲ ਨਹੀਂ ਕਰ ਰਹੇ ਸਨ, ਉਨ੍ਹਾਂ ਨੇ ਸਿਰਫ਼ ਉਸ ਨੂੰ ਸੈਕਟਰ-10 ਜਾਣ ਲਈ ਕਿਹਾ ਅਤੇ ਆਟੋ ਵਿੱਚ ਬੈਠ ਗਏ। ਫਿਰ ਉਹ ਸੈਕਟਰ 43 ਦੇ ਬੱਸ ਸਟੈਂਡ ਤੋਂ ਇਟਾਵਾ ਚੌਕ, ਫਿਰ ਕਿਸਾਨ ਭਵਨ ਤੋਂ ਸੈਕਟਰ 17 ਮਟਕਾ ਚੌਕ ਅਤੇ ਮਟਕਾ ਚੌਕ ਤੋਂ ਹੁੰਦਾ ਹੋਇਆ ਸਿੱਧਾ ਸੈਕਟਰ 10 ਦੇ ਇਸ ਟਿਕਾਣੇ ‘ਤੇ ਸਵਾਰੀਆਂ ਲੈ ਕੇ ਪਹੁੰਚਿਆ।

error: Content is protected !!