ਵਪਾਰੀ ਨੂੰ ਬੰਬੀਹਾ ਗੈਂਗ ਦੇ ਮੈਂਬਰ ਦੱਸਕੇ ਫਿਰੌਤੀ ਲਈ ਕੀਤੀ ਕਾਲ, ਜਦ ਵਾਰਦਾਤ ਕਰਨ ਆਏ ਤਾਂ ਪੁਲਿਸ ਨੇ ਧਰ ਲਏ
ਬਠਿੰਡਾ, ਵੀਓਪੀ ਬਿਊਰੋ- ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ ‘ਤੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਸੀਆਈਏ ਪੁਲਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਡਰਾਉਣ ਲਈ ਪੀੜਤ ਕਾਰੋਬਾਰੀ ਦੇ ਘਰ ਦੇ ਸਾਹਮਣੇ ਫਾਇਰ ਕਰਨ ਲਈ ਆ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਏ।
ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਉਰਫ ਗੋਲੂ ਵਾਸੀ ਪ੍ਰੀਤ ਨਗਰ ਗਿੱਦੜਵਾਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸੁਸ਼ੀਲ ਕੁਮਾਰ ਉਰਫ ਟਿਕੋਲਾ ਵਾਸੀ ਢਾਣੀ ਚੌਟਾਲਾ ਜ਼ਿਲ੍ਹਾ ਸਿਰਸਾ, ਹਰਿਆਣਾ ਵਜੋਂ ਹੋਈ ਹੈ।
ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 16 ਸਤੰਬਰ ਨੂੰ ਉਸ ਤੋਂ ਵਟਸਐਪ ਕਾਲ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫੋਨ ਕਰਨ ਵਾਲਾ ਆਪਣੇ-ਆਪ ਨੂੰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਦੱਸ ਰਿਹਾ ਸੀ। ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਬਠਿੰਡਾ ਦੇ ਵਪਾਰੀ ਹਰਮਨ ਕੁਲਚਾ ਵਾਲੇ ਵਾਂਗ ਮਾਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪਿਛਲੇ ਸਾਲ ਸਥਾਨਕ ਮਾਲ ਰੋਡ ‘ਤੇ ਗੈਂਗਸਟਰਾਂ ਵੱਲੋਂ ਹਰਮਨ ਕੁਲਚਾ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਐੱਸਐੱਸਪੀ ਕੌਂਡਲ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐੱਸਪੀ (ਡੀ) ਅਜੇ ਗਾਂਧੀ, ਡੀਐਸਪੀ ਸਰਬਜੀਤ ਸਿੰਘ ਅਤੇ ਡੀਐਸਪੀ ਡਿਟੈਕਟਿਵ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਕਾਰਵਾਈ ਕੀਤੀ ਗਈ ਸੀ ਅਤੇ ਸੀਆਈਏ ਵਿੰਗ ਇੱਕ ਨੂੰ ਉਕਤ ਗਰੋਹ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਰਮਿੰਦਰ ਸਿੰਘ ਉਰਫ ਗੋਲੂ ਅਤੇ ਸੁਸ਼ੀਲ ਕੁਮਾਰ ਉਰਫ ਟਿਕੋਲਾ ਵੱਲੋਂ ਕਾਰੋਬਾਰੀ ਨੂੰ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
Punjab bathinda bambihagang crime Twoshooterarrest latest news