ਚਿੱਟੇ ਕਾਰਨ ਦੋ ਬੱਚਿਆਂ ਦੇ ਪਿਓ ਦੀ ਮੌ+ਤ, ਪਹਿਲਾਂ ਵੱਡੇ ਭਰਾ ਨੇ ਵੀ ਨ-ਸ਼ੇ ਕਾਰਨ ਹੀ ਛੱਡੇ ਸੀ ਪ੍ਰਾਣ
ਜਗਰਾਓਂ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਚਿੱਟੇ ਨਾਲ ਮੌਤਾਂ ਹੋ ਰਹੀਆਂ ਹਨ। ਨਸ਼ਾ ਇਸ ਕਦਰ ਵੱਧ ਗਿਆ ਹੈ ਕਿ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਖਤਮ ਕਰਨ ਵਿੱਚ ਨਾਕਾਮ ਹੀ ਸਿੱਧ ਹੋ ਰਹੀ। ਪੰਜਾਬ ਦਾ ਅਜਿਹਾ ਕੋਈ ਵੀ ਕੋਨਾ ਨਹੀਂ ਬਚਿਆ, ਜਿੱਥੇ ਨਸ਼ਾ ਆਪਣੇ ਪੈਰ ਨਾ ਪਸਾਰ ਚੁੱਕਿਆ ਹੋਵੇ। ਨਸ਼ਾ ਤਸਕਰ ਦੀਆਂ ਪੰਜ – ਪੰਜ ਮੰਜ਼ਿਲਾਂ ਕੋਠਿਆਂ ਪੈ ਰਹੀਆਂ ਹਨ, ਉੱਥੇ ਹੀ ਨਸ਼ਾ ਪੀਣ ਵਾਲੇ ਘਰ ਉੱਜੜ ਰਹੇ ਹਨ, ਸਿਰਾਂ ਤੋਂ ਛੱਤਾਂ ਲਹਿ ਰਹੀਆਂ ਹਨ। ਬੱਚੇ ਅਨਾਥ ਹੋ ਰਹੇ ਨੇ ਅਤੇ ਬਜ਼ੁਰਗਾਂ ਦੀ ਸਹਾਰੇ ਦੀ ਲਾਠੀ ਟੁੱਟ ਰਹੀ ਹੈ ਪਰ ਇਹਨਾਂ ਸਭ ਦੇ ਬਾਵਜੂਦ ਵੀ ਨਸ਼ਾ ਸਰੇਆਮ ਵਿਕ ਰਿਹਾ ਹੈ।
ਗੱਲ ਕਰੀਏ ਲੁਧਿਆਣਾ ਦੇ ਦੇਹਾਤੀ ਹਲਕੇ ਜਗਰਾਉਂ ਦੇ ਮੁਹੱਲਾ ਮਾਈ ਜੀਨਾ ਵਿਖੇ ਦੀ ਤਾਂ, ਇੱਥੇ ਵੀ ਚਿੱਟੇ ਦੀ ਓਵਰਡੋਜ਼ ਕਾਰਨ ਦੋ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਮੁਹੱਲੇ ’ਚ ਗੁਆਂਢੀ ਦੀ ਛੱਤ ’ਤੇ ਨੌਜਵਾਨ ਦੀ ਗਰਦਨ ਵਿਚ ਚਿੱਟੇ ਦਾ ਟੀਕਾ ਲੱਗਿਆ ਹੀ ਰਹਿ ਗਿਆ ਅਤੇ ਉਸ ਦੀ ਮੌਤ ਹੋ ਗਈ। 4 ਸਾਲ ਪਹਿਲਾਂ ਉਸ ਦੇ ਵੱਡੇ ਭਰਾ ਨੂੰ ਵੀ ਚਿੱਟਾ ਨਿਗਲ ਚੁੱਕਾ ਹੈ। ਅਜੇ ਵੱਡੇ ਪੁੱਤ ਦੇ 3 ਬੱਚਿਆਂ ’ਚੋਂ ਦੋ ਦਾ ਮੁਸ਼ਕਿਲ ਨਾਲ ਵਿਆਹ ਕੀਤਾ ਸੀ, ਹੁਣ ਛੋਟੇ ਪੁੱਤ ਦੇ ਵੀ ਦੋ ਛੋਟੇ ਪੁੱਤ ਵੀ ਅਨਾਥ ਹੋ ਗਏ।
ਇਸ ਮੌਕੇ ਪਰਿਵਾਰ ਦਾ ਵਿਰਲਾਪ ਜਿੱਥੇ ਦੋਵੇਂ ਪੁੱਤਾਂ ਦੀ ਵਾਰੋ ਵਾਰੀ ਚਿੱਟੇ ਨਾਲ ਹੋਈ ਦਰਦਨਾਕ ਮੌਤ ’ਤੇ ਸਿਸਟਮ ਨੂੰ ਦੁਹਾਈ ਦੇ ਰਿਹਾ ਸੀ, ਉਥੇ ਮੁਹੱਲੇ ਦਾ ਇਕੱਠ ਮੁਹੱਲੇ ਵਿਚ ਚਿੱਟੇ ਦੇ ਮਕੜਜਾਲ ਨੂੰ ਲੈ ਕੇ ਚਿੰਤਤ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸੇ ਪਰਿਵਾਰ ਦੇ ਨਹੀਂ, ਚਿੱਟੇ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਸਤਨਾਮ ਦੀ ਮਾਤਾ ਦਾ ਵਿਰਲਾਪ ਕਿਸੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ। ਪਹਿਲਾਂ ਹੀ ਪਤੀ ਦੀ ਮੌਤ ਨੇ ਪਰਿਵਾਰ ਦੀ ਵੱਡੀ ਜਿੰਮੇਵਾਰੀ ਪਾ ਦਿੱਤੀ। ਚਾਰ ਸਾਲ ਪਹਿਲਾਂ ਵੱਡੇ ਪੁੱਤ ਅਤੇ ਅੱਜ ਛੋਟੇ ਪੁੱਤ ਦੀ ਮੌਤ ਨੇ ਇਸ ਮਾਂ ਨੂੰ ਵੱਡੀ ਸੱਟ ਮਾਰੀ ਹੈ
Chitta drug overdose death Punjab ludhiana jagraon latest news


