ਪੂਰਾ ਹਫਤਾ ਨਿਵੇਸ਼ਕਾਂ ਨੂੰ ਰਵਾਉਂਦਾ ਰਿਹਾ ਸ਼ੇਅਰ ਬਾਜ਼ਾਰ, ਲੱਖਾਂ ਕਰੋੜ ਰੁਪਏ ਡੁੱਬੇ

ਪੂਰਾ ਹਫਤਾ ਨਿਵੇਸ਼ਕਾਂ ਨੂੰ ਰਵਾਉਂਦਾ ਰਿਹਾ ਸ਼ੇਅਰ ਬਾਜ਼ਾਰ, ਲੱਖਾਂ ਕਰੋੜ ਰੁਪਏ ਡੁੱਬੇ

ਨਵੀਂ ਦਿੱਲੀ/ਮੁੰਬਈ (ਵੀਓਪੀ ਬਿਊਰੋ) ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ‘ਚ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਬੰਦ ਹੋਇਆ। ਇਹ ਲਗਾਤਾਰ ਪੰਜਵਾਂ ਦਿਨ ਸੀ ਜਦੋਂ ਬਾਜ਼ਾਰ ‘ਚ ਗਿਰਾਵਟ ਦੇਖੀ ਗਈ। ਕਾਰੋਬਾਰ ਦੇ ਅੰਤ ‘ਤੇ ਸੈਂਸੈਕਸ 808 ਅੰਕ ਜਾਂ 0.98 ਫੀਸਦੀ ਡਿੱਗ ਕੇ 81,688 ‘ਤੇ ਅਤੇ ਨਿਫਟੀ 235 ਅੰਕ ਜਾਂ 0.93 ਫੀਸਦੀ ਡਿੱਗ ਕੇ 25,014 ‘ਤੇ ਸੀ।

ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ‘ਚ ਵੱਡੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ। ਸੈਂਸੈਕਸ 81,532 ਤੋਂ 83,368 ਦੀ ਰੇਂਜ ਵਿੱਚ ਅਤੇ ਨਿਫਟੀ ਨੇ 24,966 ਤੋਂ 25,485 ਦੀ ਰੇਂਜ ਵਿੱਚ ਵਪਾਰ ਕੀਤਾ। ਗਿਰਾਵਟ ਦੇ ਕਾਰਨ, ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ‘ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸੰਯੁਕਤ ਮਾਰਕੀਟ ਕੈਪ ਲਗਭਗ 4 ਲੱਖ ਕਰੋੜ ਰੁਪਏ ਘਟ ਕੇ 461 ਲੱਖ ਕਰੋੜ ਰੁਪਏ ਰਹਿ ਗਿਆ ਹੈ।

BSE ਬੈਂਚਮਾਰਕ ‘ਤੇ M&M, ਬਜਾਜ ਫਾਈਨਾਂਸ, ਨੇਸਲੇ, ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਅਲਟਰਾਟੈਕ ਸੀਮੈਂਟ, ITC, HUL, ਪਾਵਰ ਗਰਿੱਡ, HDFC ਬੈਂਕ, ਰਿਲਾਇੰਸ, ਬਜਾਜ ਫਿਨਸਰਵ, ICICI ਬੈਂਕ ਅਤੇ NTPC ਸਭ ਤੋਂ ਵੱਧ ਘਾਟੇ ‘ਚ ਰਹੇ। ਇਨਫੋਸਿਸ, ਟੈਕ ਮਹਿੰਦਰਾ, ਵਿਪਰੋ, ਟਾਟਾ ਮੋਟਰਜ਼, ਐਕਸਿਸ ਬੈਂਕ, ਟੀਸੀਐਸ ਅਤੇ ਐੱਸਬੀਆਈ ਸਭ ਤੋਂ ਵੱਧ ਲਾਭਕਾਰੀ ਸਨ।

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਮੱਧ ਪੂਰਬ ‘ਚ ਟਕਰਾਅ ਦਾ ਥੋੜ੍ਹੇ ਸਮੇਂ ‘ਚ ਸ਼ੇਅਰ ਬਾਜ਼ਾਰ ‘ਤੇ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਰਿਕਵਰੀ ਆਉਣ ‘ਤੇ ਵੱਡੀ ਗਿਣਤੀ ‘ਚ ਨਿਵੇਸ਼ਕ ਸਾਵਧਾਨ ਹੋ ਕੇ ਵੇਚਣ ਦੀ ਰਣਨੀਤੀ ਅਪਣਾ ਰਹੇ ਹਨ। ਅਮਰੀਕਾ ‘ਚ ਵਿਆਜ ਦਰਾਂ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਆਈਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਜਿਵੇਂ ਕਿ ਐੱਫਐੱਮਸੀਜੀ, ਰਿਐਲਟੀ ਅਤੇ ਆਟੋ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

error: Content is protected !!