ਅਮਰੀਕਾ ਨੇ ਕੱਚੇ ਤੌਰ ‘ਤੇ ਰਹਿ ਰਹੇ ਭਾਰਤੀਆਂ ਨੂੰ ਜਹਾਜ਼ ‘ਚ ਬਿਠਾ ਕੇ ਭੇਜਿਆ ਵਾਪਸ ਘਰਾਂ ਨੂੰ

ਅਮਰੀਕਾ ਨੇ ਕੱਚੇ ਤੌਰ ‘ਤੇ ਰਹਿ ਰਹੇ ਭਾਰਤੀਆਂ ਨੂੰ ਜਹਾਜ਼ ‘ਚ ਬਿਠਾ ਕੇ ਭੇਜਿਆ ਵਾਪਸ ਘਰਾਂ ਨੂੰ


ਨਵੀਂ ਦਿੱਲੀ (ਵੀਓਪੀ ਬਿਊਰੋ) ਅਮਰੀਕੀ ਸਰਕਾਰ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਚਾਰਟਰਡ ਜਹਾਜ਼ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਆਪਰੇਸ਼ਨ ਵਿੱਚ ਭਾਰਤ ਸਰਕਾਰ ਦਾ ਸਹਿਯੋਗ ਲਿਆ। ਇਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਗਿਆ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਇਹ ਜਹਾਜ਼ 22 ਅਕਤੂਬਰ ਨੂੰ ਭਾਰਤ ਲਈ ਰਵਾਨਾ ਹੋਇਆ ਸੀ। ਵਿਭਾਗ ਨੇ ਕਿਹਾ ਕਿ ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਅਮਰੀਕਾ ਵਿੱਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ, ਉਨ੍ਹਾਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਹੈ।

ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਦੀ ਉਪ ਸਕੱਤਰ ਕ੍ਰਿਸਟੀ ਏ. ਕੈਨੇਗਲੋ ਨੇ ਕਿਹਾ, ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਅਮਰੀਕਾ ਵਿਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਉਨ੍ਹਾਂ ਨੂੰ ਤੁਰੰਤ ਡਿਪੋਰਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਸੁਰੱਖਿਆ ਵਿਭਾਗ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਜਾਰੀ ਰੱਖੇਗਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਤੀ ਸਾਲ 2024 ਵਿੱਚ 1,60,000 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਭੇਜਿਆ ਹੈ। ਇਨ੍ਹਾਂ ਵਿੱਚ ਭਾਰਤ ਸਮੇਤ 145 ਤੋਂ ਵੱਧ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਵਿਭਾਗ ਨੇ ਪਿਛਲੇ ਸਾਲ ਕੋਲੰਬੀਆ, ਇਕਵਾਡੋਰ, ਪੇਰੂ, ਮਿਸਰ, ਮੌਰੀਤਾਨੀਆ, ਸੇਨੇਗਲ, ਉਜ਼ਬੇਕਿਸਤਾਨ, ਚੀਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਹੈ।

error: Content is protected !!