AAP ਵਿਧਾਇਕ ਦੀ ਘਰਵਾਲੀ ‘ਤੇ ਪਰਚਾ ਦਰਜ, NRI ਦੀ ਕੋਠੀ ‘ਤੇ ਕੀਤਾ ਸੀ ਕਬਜ਼ਾ

AAP ਵਿਧਾਇਕ ਦੀ ਘਰਵਾਲੀ ‘ਤੇ ਪਰਚਾ ਦਰਜ, NRI ਦੀ ਕੋਠੀ ‘ਤੇ ਕੀਤਾ ਸੀ ਕਬਜ਼ਾ

ਵੀਓਪੀ ਬਿਊਰੋ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਵਿਧਾਇਕ ਦੀ ਪਤਨੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਔਰਤ ਸਮੇਤ 7 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਇਸ ਮਾਮਲੇ ਦੇ ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

‘ਆਪ’ MLA ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਸਮੇਤ ਸੱਤ ਜਣਿਆਂ ਖ਼ਿਲਾਫ਼ ਥਾਣਾ ਸੁਧਾਰ ਦੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਉਪਰੋਕਤ ਸਾਰੇ ਦੋਸ਼ੀਆਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਬਜ਼ੁਰਗ NRI ਨਛੱਤਰ ਸਿੰਘ ਦੇ ਘਰ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਗੁਰਪ੍ਰੀਤ ਕੌਰ ਗੁਰੀ ਨੇ 20 ਅਗਸਤ ਨੂੰ ਉਕਤ ਬਜ਼ੁਰਗ ਐੱਨਆਰਆਈ ਨਛੱਤਰ ਸਿੰਘ ਖ਼ਿਲਾਫ਼ ਸਰੀਰਕ ਛੇੜਛਾੜ ਦਾ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਇਸ ਮਾਮਲੇ ਵਿੱਚ ਐੱਨਆਰਆਈ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਜਗਪਾਲ ਨੇ ਕੈਨੇਡਾ ਦੇ ਮਿਸੀਸਾਗਾ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੂੰ ਈਮੇਲ ਭੇਜ ਕੇ ਮਕਾਨ ‘ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਵਿਧਾਇਕ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਨਾਲ ਪਰਿਵਾਰਕ ਸਬੰਧ ਹੋਣ ਕਾਰਨ ਬਜ਼ੁਰਗ ਐੱਨਆਰਆਈ ਨਛੱਤਰ ਸਿੰਘ ਨੂੰ ਸੁਧਾਰ ਦੇ ਘੁਮਾਣ ਚੌਕ ਸਥਿਤ ਬਹੁ-ਕਰੋੜੀ ਕੋਠੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਲਜ਼ਮਾਂ ਨੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ।

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਬਜ਼ੁਰਗ ਐੱਨਆਰਆਈ ਨਛੱਤਰ ਸਿੰਘ ‘ਤੇ ਉਸ ‘ਤੇ ਮਾੜੀ ਨਜ਼ਰ ਰੱਖਣ ਦੇ ਦੋਸ਼ ਲਾਏ ਸਨ। 13 ਮਈ ਨੂੰ ਨਛੱਤਰ ਸਿੰਘ ਸ਼ਾਮ 5 ਵਜੇ ਦੇ ਕਰੀਬ ਘਰ ਆਇਆ ਅਤੇ ਉਸ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਉਸ ਨੇ ਮਾੜੇ ਇਰਾਦਿਆਂ ਨਾਲ ਸਰੀਰ ਨੂੰ ਛੂਹਿਆ। ਵਿਰੋਧ ਕਰਨ ‘ਤੇ ਉਹ ਉਥੋਂ ਚਲਾ ਗਿਆ। ਉਸ ਨੇ ਦੋਸ਼ ਲਾਇਆ ਕਿ ਐਨਆਰਆਈ ਨਛੱਤਰ ਸਿੰਘ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ।

error: Content is protected !!