ਸਿੱਧੂ ਜੋੜੇ ਨਾਲ ਵੱਜੀ ਕਰੋੜਾਂ ਦੀ ਠੱਗੀ, ਸਾਬਕਾ ਪੀ.ਏ ਸਮੇਂਤ ਉਸਦੇ ਰਿਸ਼ਤੇਦਾਰਾਂ ਨੇ ਕੀਤਾ ਇਹ ਕਾਂਡ

(ਵੀਓਪੀ ਬਿਊਰੋ) ਆਪਣੇ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਇੱਕ ਨਵੀਂ ਪਰੇਸ਼ਾਨੀ ਵਿੱਚ ਘਿਰ ਗਏ ਨੇ। ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਨਾਲ ਕਰੋੜਾਂ ਦੀ ਠੱਗੀ ਹੋਈ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ.ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਅਤੇ ਅਮਰੀਕਾ ਸਥਿਤ ਇੱਕ ਐਨਆਰਆਈ ‘ਤੇ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐਸਸੀਓ (ਦੁਕਾਨ-ਕਮ-ਆਫ਼ਿਸ) ਨੰਬਰ 10 ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਹੈ।

ਜਿਸ ਦੀ ਜਾਂਚ ਪੰਜਾਬ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (ਈਓ) ਵਿੰਗ ਵੱਲੋਂ ਕੀਤੀ ਜਾ ਰਹੀ ਹੈ।ਡਾਕਟਰ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਸਥਿਤ ਐਨਆਰਆਈ ਅੰਗਦ ਪਾਲ ਸਿੰਘ ਨੇ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਅੰਗਦ ਪਾਲ ਸਿੰਘ ਨੇ ਰਣਜੀਤ ਐਵੀਨਿਊ ਸਥਿਤ ਐਸ.ਸੀ.ਓ ਨੰਬਰ 10 ਨੂੰ ਵੇਚਣ ਦੀ ਤਜਵੀਜ਼ ਰੱਖੀ ਸੀ। ਇਸ ਦੇ ਲਈ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ। ਇਸ ਸਮਝੌਤੇ ‘ਤੇ ਡਾ: ਸਿੱਧੂ ਦੇ ਨੁਮਾਇੰਦੇ ਸੁਸ਼ੀਲ ਰਾਵਤ ਅਤੇ ਅੰਗਦ ਪਾਲ ਸਿੰਘ ਤੇ ਵਿਸ਼ਾਲ ਕੌਰ ਨੇ ਵੀ ਦਸਤਖ਼ਤ ਕੀਤੇ |ਡਾ: ਸਿੱਧੂ ਨੇ ਇਸ ਜਾਇਦਾਦ ਦੀ ਬੁਕਿੰਗ ਲਈ ਅੰਗਦ ਪਾਲ ਸਿੰਘ ਦੇ ਖਾਤੇ ਵਿੱਚ 1.2 ਕਰੋੜ ਰੁਪਏ ਟਰਾਂਸਫਰ ਕੀਤੇ।

ਇਸ ਤੋਂ ਇਲਾਵਾ ਉਸ ਨੇ ਕਈ ਵਾਰ ਅਦਾਇਗੀ ਲਈ ਚੈੱਕ ਵੀ ਦਿੱਤੇ, ਜੋ ਕਿ ਉਸ ਦੇ ਨਿੱਜੀ ਸਹਾਇਕ ਗੌਰਵ ਨੇ ਕੈਸ਼ ਕਰਵਾ ਕੇ ਰਕਮ ਅੰਗਦ ਦੇ ਏਜੰਟ ਨੂੰ ਸੌਂਪ ਦਿੱਤੀ।ਅੰਗਦ ਪਾਲ ਸਿੰਘ ਨੇ ਵਾਰ-ਵਾਰ ਭਰੋਸਾ ਦਿਵਾਇਆ ਕਿ ਜਲਦੀ ਹੀ ਜਾਇਦਾਦ ਉਨ੍ਹਾਂ ਦੇ ਨਾਂ ‘ਤੇ ਦਰਜ ਕਰਵਾ ਦਿੱਤੀ ਜਾਵੇਗੀ। ਪਰ ਜਦੋਂ ਡਾ.ਸਿੱਧੂ ਨੇ ਦਸਤਾਵੇਜ਼ ਦਰਜ ਕਰਵਾਉਣ ਲਈ ਦਬਾਅ ਪਾਇਆ ਤਾਂ ਉਪਰੋਕਤ ਬਹਾਨੇ ਬਣਾਉਣ ਲੱਗੇ।

ਮੁਲਜ਼ਮਾਂ ਨੇ ਫਰਵਰੀ 2023 ਵਿੱਚ ਅਸਥਾਈ ਤੌਰ ‘ਤੇ ਜਾਇਦਾਦ ਦੀ ਪਾਵਰ ਆਫ਼ ਅਟਾਰਨੀ ਆਪਣੀ ਧੀ ਦੇ ਨਾਂ ‘ਤੇ ਦੇ ਦਿੱਤੀ ਸੀ। ਇਹ ਮਾਮਲਾ ਹਾਈ ਪ੍ਰੋਫਾਈਲ ਹੋਣ ਦੇ ਮੱਦੇਨਜ਼ਰ ਪੁਲਿਸ ਅਧਿਕਾਰੀ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ।

error: Content is protected !!