ਗੁਰੂ ਘਰ ਦੇ ਗ੍ਰੰਥੀ ਦੇ ਸਾਲੇ ਨੇ ਹੀ ਕੀਤੀ ਬੇਅਦਬੀ, ਗੁਰੂ ਸਾਹਿਬ ਦੇ ਅੰਗਾਂ ਦੀ ਕੀਤੀ ਬੇਅਦਬੀ

ਗੁਰੂ ਘਰ ਦੇ ਗ੍ਰੰਥੀ ਦੇ ਸਾਲੇ ਨੇ ਹੀ ਕੀਤੀ ਬੇਅਦਬੀ, ਗੁਰੂ ਸਾਹਿਬ ਦੇ ਅੰਗਾਂ ਦੀ ਕੀਤੀ ਬੇਅਦਬੀ

ਬਰਨਾਲਾ (ਵੀਓਪੀ ਬਿਊਰੋ) ਜਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਵਿਖੇ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਇਸ ਘਟਨਾ ਨੂੰ ਲੈ ਕੇ ਗੁਰੂ ਘਰ ਦੇ ਪ੍ਰਬੰਧਕਾਂ,ਪਿੰਡ ਪੰਚਾਇਤ, ਪਿੰਡ ਵਾਸੀਆਂ ਅਤੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ 3-11-24 ਗੁਰੂ ਘਰ ਵਿੱਚ ਅੱਗ/ਪਟਾਕੇ ਦੀ ਘਟਨਾ ਦਾ ਸ਼ੱਕ ਹੋਇਆ ਸੀ। ਪਰ ਉਸ ਤੋਂ 22 ਦਿਨ ਬਾਅਦ 25-11-24 ਨੂੰ ਪਤਾ ਲੱਗਾ ਕਿ ਜਦ ਗ੍ਰੰਥੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲੱਗੇ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਹੋਈ ਸੀ।

ਇਸ ਨਿੰਦਨਯੋਗ ਘਟਨਾ ਦਾ ਪਤਾ ਲੱਗਦੇ ਹੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਫੜਿਆ ਵੀ ਗਿਆ। ਜਿਸ ਦੀ ਪੁਲਿਸ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਖਰਾਬ ਹੋਣ ਤੋਂ ਬਚਾ ਰਿਹਾ। ਘਟਨਾ ਨੂੰ ਅੰਜਾਮ ਦੇਣ ਵਾਲਾ ਅਸਲੀ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਫੜਿਆ ਗਿਆ ਵਿਅਕਤੀ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਦਾ ਹੀ ਸਾਲਾ ਨਿਕਲਿਆ। ਪਿੰਡ ਵਾਸੀਆਂ ਨੇ ਫੜੇ ਗਏ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਨ ਤੋਂ ਇਲਾਵਾ ਇਸ ਨਿੰਦਨਯੋਗ ਘਟਨਾ ਲਈ ਆਪਸੀ ਭਾਈਚਾਰਕ ਸਾਂਝ ਬਣਾਉਣ ਲਈ ਬੇਨਤੀ ਵੀ ਕੀਤੀ। ਉਹਨਾਂ ਦੱਸਿਆ ਕਿ ਇਸ ਗੁਰੂ ਘਰ ਵਿੱਚ ਵੱਡੀ ਤਦਾਰ ਵਿੱਚ ਸਿੱਖ ਸੰਗਤ ਆਉਂਦੀ ਹੈ।ਉੱਥੇ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ। ਇਹ ਘਟਨਾ ਬਹੁਤ ਨਿੰਦਨਯੋਗ ਘਟਨਾ ਹੈ।

ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਧਨੌਲਾ ਦੇ ਐਸਐਚਓ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਹੁਤ ਹੀ ਨਿੰਦਨਯੋਗ ਘਟਨਾ ਸਾਹਮਣੇ ਆਈ ਹੈ। ਉਹਨਾਂ ਦੱਸਿਆ ਕਿ 25-11-24 ਪਿੰਡ ਦੇ ਗੁਰੂ ਘਰ ਤੋਂ ਇੱਕ ਇਤਲਾਹ ਮਿਲੀ ਸੀ,ਕਿ ਗੁਰੂ ਘਰ ਵਿੱਚ ਸੁਸੋਭਿਤ ਗੁਰੂ ਗ੍ਰੰਥ ਸਾਹਿਬ ਜੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਹੈ। ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਦੋਸ਼ੀ ਦੀ ਪਹਿਚਾਣ ਸਾਹਮਣੇ ਆਈ ਹੈ। ਜੋ ਸਾਰੀ ਘਟਨਾ ਗੁਰੂ ਘਰ ਦੇ ਗ੍ਰੰਥੀ ਦੇ ਸਾਲੇ ਵੱਲੋਂ ਹੀ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ 3/11/24 ਦੀ ਰਾਤ 11 ਵਜੇ ਤੋਂ ਲੈ ਕੇ 12 ਵਜੇ ਤੱਕ ਦੋਸ਼ੀ ਗੁਰੂ ਘਰ ਅੰਦਰ ਦਾਖਲ ਹੋ ਗਿਆ,ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਸਮੇਂ ਦੋਸ਼ੀ ਨੇ ਗੁਰੂ ਘਰ ਵਿੱਚ ਲੱਗੇ ਸਾਰੇ ਕੈਮਰੇ ਬੰਦ ਕਰ ਦਿੱਤੇ ਗਏ ਸਨ। ਪਰ ਗੁਰੂ ਘਰ ਦੇ ਇੱਕ ਕੈਮਰੇ ਵਿੱਚ ਉਸਦੀ ਸਾਰੀ ਘਟਨਾ ਕੈਦ ਹੋ ਗਈ। ਦੋਸ਼ੀ ਡੇਢ ਮਹੀਨਾ ਪਹਿਲਾਂ ਤੋਂ ਹੀ ਆਪਣੇ ਜੀਜੇ ਨਾਲ ਗੁਰੂ ਘਰ ਵਿੱਚ ਰਹਿ ਰਿਹਾ ਸੀ। 27/11/24 ਨੂੰ ਅਵਤਾਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ,ਵਾਸੀ ਪਿੰਡ ਕਰਿਆੜ ਵਾਲਾ,(ਰਾਮਪੁਰਾ ) ਜਿਲ੍ਹਾ ਬਠਿੰਡਾ ਖਿਲਾਫ 298 BNS ਧਰਾਵਾਂ ਤਹਿਤ ਮੁਕਦਮਾ ਨੰਬਰ 168 ਦਰਜ ਕਰ ਲਿਆ ਸੀ।

ਦੋਸ਼ੀ ਖਿਲਾਫ ਮੁਕਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਹੈ। ਇਸ ਘਟਨਾ ਦੀ ਸਾਰੀ ਸੀਸੀਟੀਵੀ ਕੈਮਰੇ ਦੀ ਫੁਟੇਜ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਲਈ ਗਈ ਹੈ। ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ,ਮੀਡੀਆ ਨੂੰ ਵੀ ਨਹੀਂ ਦਿੱਤੀ ਗਈ। ਇਸ ਮੌਕੇ ਥਾਣਾ ਮੁਖੀ ਲਖਵੀਰ ਸਿੰਘ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਹੋ ਸਕਣ। ਇਸ ਨਿੰਦਨਯੋਗ ਘਟਨਾ ਨੂੰ ਲੈ ਕੇ ਪਿੰਡ ਸਮੇਤ ਨੇੜਲੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

error: Content is protected !!