16 ਲੱਖ ਲੈ ਕੇ ਆਸਟ੍ਰੇਲੀਆ ਦੀ ਥਾਂ ਭੇਜ ਦਿੱਤਾ ਚੇਨੱਈ, 10 ਸਾਲ ਬਾਅਦ ਵੀ ਏਜੰਟ ਨੇ ਨਹੀਂ ਮੋੜੇ ਪੈਸੇ, ਘਰ ਬਾਹਰ ਲਾਉਣਾ ਪਿਆ ਧਰਨਾ

16 ਲੱਖ ਲੈ ਕੇ ਆਸਟ੍ਰੇਲੀਆ ਦੀ ਥਾਂ ਭੇਜ ਦਿੱਤਾ ਚੇਨੱਈ, 10 ਸਾਲ ਬਾਅਦ ਵੀ ਏਜੰਟ ਨੇ ਨਹੀਂ ਮੋੜੇ ਪੈਸੇ, ਘਰ ਬਾਹਰ ਲਾਉਣਾ ਪਿਆ ਧਰਨਾ

ਗੁਰਦਾਸਪੁਰ (ਵੀਓਪੀ ਬਿਊਰੋ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਅਜੀਤ ਸਿੰਘ ਖੋਖਰ ਦੀ ਅਗਵਾਈ ਵਿੱਚ ਪਿੰਡ ਟਰਪੱਲਾ ਵਿਖੇ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਾਮਲਾ ਯੂਨੀਅਨ ਦੇ ਜਨਰਲ ਸਕੱਤਰ ਦਲਜੀਤ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਏਜੈਂਟ ਨੂੰ ਦਿੱਤੇ ਗਏ ਪੈਸਿਆਂ ਦਾ ਹੈ। ਧਰਨੇ ਦੌਰਾਨ ਏਜਂਟ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਪਹੁੰਚ ਕੇ ਦੋਹਾਂ ਪਾਰਟੀਆਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਟਰਪੱਲਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦਾ ਬੇਟਾ ਸੰਦੀਪ ਸਿੰਘ ਜੋ ਕਿ ਆਈਲੈਟਸ ਦਾ ਕੋਰਸ ਕਰਵਾਉਂਦਾ ਸੀ ਵੱਲੋਂ ਮੇਰੇ ਬੇਟੇ ਨੂੰ ਵਿਦੇਸ਼ ਆਸਟਰੇਲੀਆ ਭੇਜਣ ਲਈ 2014 ਵਿੱਚ ਉਕਤ ਪਿਓ ਪੁੱਤਰਾਂ ਵੱਲੋਂ 8 ਲੱਖ ਰੁਪਏ ਲਏ ਸਨ ਪਰ ਉਸ ਨੂੰ ਆਸਟਰੇਲੀਆ ਭੇਜਣ ਦੀ ਬਜਾਏ ਚੇਨਈ ਭੇਜ ਦਿੱਤਾ ਗਿਆ ਤੇ ਬਾਅਦ ਵਿੱਚ ਮੈਨੂੰ ਮਜਬੂਰ ਕੀਤਾ ਗਿਆ ਕਿ ਬਾਕੀ 8 ਲੱਖ ਰੁਪਏ ਹੋਰ ਦੇਵੋਂ ਤਾਂ ਤੇਰੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ। ਸਾਡੇ ਵੱਲੋਂ 4 ਲੱਖ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ ਤੇ ਬਾਕੀ ਇਹਨਾਂ ਨੂੰ 4 ਲੱਖ ਰੁਪਏ ਹੱਥ ਦਸਤੀ ਦਿੱਤੇ ਗਏ ਪਰ ਇਹਨਾਂ ਵੱਲੋਂ ਅੱਜ ਤੱਕ ਮੇਰੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ।

ਉਨਾਂ ਦੱਸਿਆ ਕਿ ਬੀਤੇ ਕੁਝ ਸਮੇਂ ਪਹਿਲਾਂ ਇਹਨਾਂ ਵੱਲੋਂ 4 ਲੱਖ ਰੁਪਏ ਦੇ ਕਰੀਬ ਸਾਨੂੰ ਵਾਪਸ ਕਰ ਦਿੱਤੇ ਪਰ ਬਾਕੀ ਦੇ 12 ਲੱਖ ਰੁਪਏ ਹਾਲੇ ਤੱਕ ਵਾਪਸ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਦੀ ਮਦਦ ਦੇ ਨਾਲ ਇਹਨਾਂ ਦੇ ਘਰ ਮੂਹਰੇ ਅਨਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।


ਉਧਰ ਇਸ ਸਬੰਧੀ ਏਜੰਟ ਤੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਇਹਨਾਂ ਦੀ ਵਿਦੇਸ਼ ਭੇਜਣ ਨੂੰ ਲੈ ਕੇ ਮੇਰੇ ਬੇਟੇ ਨਾਲ ਗੱਲਬਾਤ ਹੋਈ ਸੀ ਪਰ ਮੇਰੇ ਬੇਟੇ ਵੱਲੋਂ ਇਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਗਏ ਹਨ,ਮੈਨੂੰ ਜਾਨ ਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।ਇਸ ਧਰਨੇ ਨੂੰ ਲੈ ਕੇ ਮੇਰੇ ਵੱਲੋਂ ਪੁਲਿਸ ਚੌਂਕੀ ਮਾਲੇਵਾਲ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ।

ਉਧਰ ਮੌਕੇ ਤੇ ਪਹੁੰਚੇ ਸੰਬੰਧਿਤ ਪੁਲੀਸ ਚੌਂਕੀ ਮਾਲੇਵਾਲ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਵੱਲੋਂ ਪੁਲਿਸ ਚੌਂਕੀ ਮਾਲੇਵਾਲ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਮੇਰੇ ਘਰ ਦੇ ਸਾਹਮਣੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਆ ਕੇ ਦੋਹਾਂ ਧਿਰਾਂ ਨਾ ਗੱਲਬਾਤ ਕੀਤੀ ਗਈ ਹੈ ਕਿ ਆਪੋ ਆਪਣੇ ਸਬੂਤ ਲੈ ਕੇ ਸਾਡੇ ਕੋਲ ਆਵੋ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

error: Content is protected !!