ਖ਼ੁਸ਼ੀ ਖ਼ੁਸ਼ੀ ਵਿਆਹ ਤੋਂ ਆ ਰਹੇ ਸਨ ਵਾਪਿਸ,ਰਸਤੇ ਚ ਦਰੱਖਤ ਬਣਿਆ ਕਾਲ,6 ਲੋਕਾਂ ਦੀ ਦਰਦਨਾਕ ਮੌ+ਤ

(ਵੀਓਪੀ ਬਿਓਰੋ) ਬਦਲਦਾ ਹੋਇਆ ਮੌਸਮ ਕਈ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।ਇਸੇ ਤਰ੍ਹਾਂ ਦਾ ਦਰਦਨਾਕ ਹਾਦਸਾ ਵਾਪਰਿਆ ਹੈ।ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਟੋਏ ‘ਚ ਜਾ ਡਿੱਗੀ। ਇਸ ਹਾਦਸੇ ‘ਚ ਕੁੱਲ 11 ਲੋਕ ਸ਼ਾਮਲ ਸਨ, ਜਿਨ੍ਹਾਂ ‘ਚੋਂ 6 ਦੀ ਮੌਤ ਹੋ ਗਈ ਹੈ ਅਤੇ 5 ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਮੁਤਾਬਕ ਕਾਰ ‘ਚ ਸਵਾਰ ਲੋਕ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਸਾਰੇ ਕਾਰ ਸਵਾਰ ਉਤਰਾਖੰਡ ਦੇ ਰਹਿਣ ਵਾਲੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੀਲੀਭੀਤ ਦੇ ਨਿਊਰੀਆ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਟੋਏ ‘ਚੋਂ ਬਾਹਰ ਕੱਢਿਆ। ਇਸ ਦੌਰਾਨ ਜੇਸੀਬੀ ਦੀ ਵੀ ਮਦਦ ਲੈਣੀ ਪਈ।ਉੱਤਰਾਖੰਡ ਦੇ ਖਟੀਮਾ ਜ਼ਿਲੇ ਦੇ ਜਮੌਰ ਪਿੰਡ ਦੀ ਰਹਿਣ ਵਾਲੀ ਹੁਸਨਾ ਬੀ ਦਾ ਵਿਆਹ ਪੀਲੀਭੀਤ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਚੰਦੋਈ ਪਿੰਡ ਦੇ ਰਹਿਣ ਵਾਲੇ ਅਨਵਰ ਅਹਿਮਦ ਨਾਲ ਹੋਇਆ ਸੀ।

ਬੁੱਧਵਾਰ ਨੂੰ ਨਿਕਾਹ ਤੋਂ ਬਾਅਦ ਵੀਰਵਾਰ ਨੂੰ ਵਲੀਮਾ ਦਾ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਉੱਤਰਾਖੰਡ ਤੋਂ ਵੀ ਲਾੜੀ ਦੇ ਪ੍ਰਵਾਰਕ ਮੈਂਬਰ ਪੀਲੀਭੀਤ ਪਹੁੰਚੇ ਸਨ। ਵੀਰਵਾਰ ਰਾਤ ਕਰੀਬ 10 ਵਜੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਲਾੜੀ ਪੱਖ ਦੇ ਲੋਕ ਅਰਟਿਗਾ ਕਾਰ ‘ਚ ਘਰ ਪਰਤ ਰਹੇ ਸਨ।

ਜਿਵੇਂ ਹੀ ਕਾਰ ਨਿਊਰੀਆ ਥਾਣਾ ਖੇਤਰ ਦੇ ਸ਼ਾਨੇ ਗੁਲ ਮੈਰਿਜ ਹਾਲ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦਰੱਖਤ ਵੀ ਟੁੱਟ ਕੇ ਕਾਰ ‘ਤੇ ਜਾ ਡਿੱਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

error: Content is protected !!