ਰਸ਼ੀਅਨ ਆਰਮੀ ਦੇ ਚੰਗੁਲ ‘ਚੋਂ ਅਜ਼ਾਦ ਹੋਇਆ ਨੌਜਵਾਨ, ਦੱਸਿਆ ਕਿਦਾਂ ਕਰਦੇ ਸੀ ਤਸ਼ੱਦਦ, ਏਜੰਟ ਦੇ ਲਾਲਚ ਨੇ ਫਸਾਇਆ

ਰਸ਼ੀਅਨ ਆਰਮੀ ਦੇ ਚੰਗੁਲ ‘ਚੋਂ ਅਜ਼ਾਦ ਹੋਇਆ ਨੌਜਵਾਨ, ਦੱਸਿਆ ਕਿਦਾਂ ਕਰਦੇ ਸੀ ਤਸ਼ੱਦਦ, ਏਜੰਟ ਦੇ ਲਾਲਚ ਨੇ ਫਸਾਇਆ

ਕਪੂਰਥਲਾ/ਜਲੰਧਰ (ਵੀਓਪੀ ਬਿਊਰੋ) ਬੇਰੁਜ਼ਗਾਰੀ ਤੇ ਮਹਿੰਗਾਈ ਤੋਂ ਪਰੇਸ਼ਾਨ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁਖ ਕਰਦਾ ਹੈ, ਪਰ ਧੋਖੇਬਾਜ਼ ਏਜੰਟਾਂ ਦੇ ਲਾਲਚ ਕਾਰਨ ਉੱਥੇ ਵੀ ਕਈ ਨੌਜਵਾਨ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਅਜਿਹਾ ਹੀ ਵਰਤਾਰਾ ਪਿਛਲੇ ਸਾਲ ਦਾ ਵਿਦੇਸ਼ ਦੀ ਧਰਤੀ ਵਿਖੇ ਵਾਪਰਿਆ, ਜਾਲਸਾਜ ਟਰੈਵਲ ਏਜੰਟਾਂ ਨੇ ਭੋਲੇ-ਭਾਲੇ ਭਾਰਤੀਆਂ ਨੂੰ ਆਪਣੇ ਜਾਲ ਚ ਫਸਾ ਕੇ ਰਸ਼ੀਆ ਵਿਖੇ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ। ਸਕਿਉਰਟੀ ਗਾਰਡ ਦਾ ਕੰਮ ਦਵਾਉਣ ਦਾ ਦਾਅਵਾ ਕਰਕੇ ਜਲਸਾਜ ਟਰੈਵਲ ਏਜੈਂਟਾਂ ਨੇ ਬਹੁਤ ਸਾਰੇ ਭਾਰਤੀਆਂ ਨੂੰ ਜਿਨਾਂ ਵਿੱਚੋਂ ਕੁਝ ਪੰਜਾਬੀ ਅਤੇ ਕੁਝ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਸਨ, ਨੂੰ ਧੋਖੇ ਨਾਲ ਰਸ਼ੀਅਨ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ। ਇਨਾ ਹੀ ਨਹੀਂ ਉਹਨਾਂ ਭੋਲੇ-ਭਾਲੇ ਨੌਜਵਾਨਾਂ ਨੂੰ ਯੂਕਰੇਨ ਅਤੇ ਰਸ਼ੀਆ ਵਿਚਾਲੇ ਚੱਲ ਰਹੇ ਮਹਾਯੁੱਧ ਦਾ ਹਿੱਸਾ ਬਣਨ ਦੇ ਲਈ ਮਜਬੂਰ ਕੀਤਾ। ਮਜਬੂਰੀ ਬੱਸ ਉਹ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਹਾਲਾਂਕਿ ਇੱਕ ਨੌਜਵਾਨ ਰਸ਼ੀਆ ਤੋਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅੱਜ ਵਤਨ ਵਾਪਸੀ ਕਰ ਸਕਿਆ ਹੈ।

ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਰਾਕੇਸ਼ ਯਾਦਵ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਨ ਦੇ ਲਈ ਸੁਲਤਾਨਪੁਰ ਲੋਧੀ ਪੁੱਜਾ। ਜਿੱਥੇ ਉਸਨੇ ਰਸ਼ੀਆ ਦੇ ਧਰਤੀ ਤੇ ਹੋ ਰਹੇ ਵਰਤਾਰੇ ਬਾਰੇ ਰੂਹ ਕੰਬਾਊ ਖਲਾਸੇ ਕੀਤੇ। ਉਸ ਨੇ ਦੱਸਿਆ ਕਿ ਅਜੇ ਵੀ 20 ਤੋਂ 25 ਨੌਜਵਾਨ ਭਾਰਤੀ ਲੋਕ ਰਸ਼ੀਅਨ ਫੌਜ ਵਿੱਚ ਜਬਰਨ ਫਸੇ ਹੋਏ ਹਨ। ਉਨਾਂ ਨੂੰ ਯੁੱਧ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਤਸ਼ੱਦਦ ਕੀਤਾ ਜਾ ਰਿਹਾ। ਉਸਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਨਾਂ ਨੂੰ ਸਿਕਿਉਰਟੀ ਗਾਰਡ ਦਾ ਕੰਮ ਦਵਾਉਣ ਦਾ ਦਾਅਵਾ ਕੀਤਾ ਸੀ ਜਦ ਉਹ ਰਸ਼ੀਆ ਪੁੱਜੇ ਤਾਂ ਉਹਨਾਂ ਪਾਸੋਂ ਇੱਕ ਐਗਰੀਮੈਂਟ ਸਾਈਨ ਕਰਵਾਇਆ ਗਿਆ ਜਦੋਂ ਉਹਨਾਂ ਨੇ ਉਸ ਐਗਰੀਮੈਂਟ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਮਹਿਜ ਇੱਕ ਸਿਕਿਉਰਟੀ ਗਾਰਡ ਦੀ ਨੌਕਰੀ ਬਾਬਤ ਇੱਕ ਹਲਫਨਾਮਾ ਹੈ ਜਦਕਿ ਉਹ ਰਸ਼ੀਅਨ ਫੌਜ ਵਿੱਚ ਸ਼ਾਮਿਲ ਹੋਣ ਦਾ ਇੱਕ ਇਕਰਾਰਨਾਮਾ ਸੀ।

ਭਾਸ਼ਾ ਦੀ ਅਗਿਆਨਤਾ ਕਾਰਨ ਅਤੇ ਜਾਲ ਸਾਜ ਟਰੈਵਲ ਏਜੈਂਟਾਂ ਦੀਆਂ ਗੱਲਾਂ ਚ ਆ ਕੇ ਉਹਨਾਂ ਸਾਰਿਆਂ ਵੱਲੋਂ ਉਸ ਕਾਗਜ਼ ਉੱਤੇ ਸਹਿਣ ਕਰ ਦਿੱਤੇ ਗਏ, ਜਿਸ ਤੋਂ ਬਾਅਦ ਉਹਨਾਂ ਨੂੰ 15 ਦਿਨ ਦੀ ਟ੍ਰੇਨਿੰਗ ਦੇ ਲਈ ਭੇਜ ਦਿੱਤਾ ਗਿਆ। ਟ੍ਰੇਨਿੰਗ ਮਗਰੋਂ ਸਿੱਧਾ ਉਹਨਾਂ ਨੂੰ ਰਸ਼ੀਆ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਅਤੇ ਯੁੱਧ ਕਰਨ ਦੇ ਲਈ ਮਜਬੂਰ ਕੀਤਾ ਗਿਆ। ਜਦੋਂ ਉਹ ਯੁੱਧ ਸਥਲ ਤੇ ਜਾਣ ਤੋਂ ਮਨਾ ਕਰਦੇ ਸਨ ਤਾਂ ਉਹਨਾਂ ਉੱਤੇ ਰਸ਼ੀਅਨ ਆਰਮੀ ਤਸ਼ੱਦਦ ਢਾਉਂਦੀ ਸੀ ਤੇ ਕੁੱਟਮਾਰ ਕਰਦੀ ਸੀ। ਉਹ ਹਾਲਾਤ ਕਿਸੇ ਮੌਤ ਦੇ ਖੂਹ ਤੋਂ ਘੱਟ ਨਹੀਂ ਸਨ। 9 ਮਹੀਨੇ ਦੇ ਤਸ਼ੱਦਦ ਸਹਿਣ ਤੋਂ ਬਾਅਦ ਅੱਜ ਰਾਕੇਸ਼ ਯਾਦਵ ਆਪਣੇ ਪਰਿਵਾਰ ਵਿੱਚ ਵਾਪਸ ਸਹੀ ਸਲਾਮਤ ਪਹੁੰਚ ਚੁੱਕਾ ਹੈ। ਉਸ ਨੇ ਦੱਸਿਆ ਕਿ ਕੁਝ ਭਾਰਤੀ ਉੱਥੇ ਯੁੱਧ ਦੌਰਾਨ ਮੌਤ ਦਾ ਗਰਾਸ ਵੀ ਬਣ ਚੁੱਕੇ ਹਨ। ਉਸ ਨੇ ਮੰਗ ਕੀਤੀ ਹੈ ਕਿ ਉਸਦੇ ਨਾਲ ਫਸੇ ਹੋਰ ਵੀ ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇ ਅਤੇ ਉਹਨਾਂ ਜਾਲਸਾਜ਼ ਟਰੈਵਲ ਏਜੈਂਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਜਾਲਸਾਜੀ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਧਕੇਲ ਦਿੱਤਾ ਸੀ। ਯੁੱਧ ਦੌਰਾਨ ਜ਼ਖਮੀ ਹੋਏ ਭਾਰਤੀਆਂ ਨੂੰ ਰਸ਼ੀਅਨ ਆਰਮੀ ਵੱਲੋਂ ਦਿੱਤਾ ਗਿਆ ਲੱਖਾਂ ਰੁਪਏ ਦਾ ਮੁਆਵਜ਼ਾ ਵੀ ਉਨਾਂ ਦੇ ਖਾਤਿਆਂ ਵਿੱਚੋਂ ਜਾਲਸਾਜ ਏਜੈਂਟਾਂ ਨੇ ਚਲਾਕੀ ਦੇ ਨਾਲ ਕਢਾ ਲਿਆ।

ਉੱਥੇ ਹੀ ਰਸ਼ੀਅਨ ਆਰਮੀ ਚ ਫਸੇ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ ਵੀ ਅੱਜ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਜਿੰਨਾ ਵੱਲੋਂ ਵੀ ਮਦਦ ਦੀ ਗੁਹਾਰ ਲਗਾਈ ਗਈ ਹੈ। ਤਾਂ ਜੋ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਦੇਸ਼ ਵਾਪਸ ਆ ਸਕਣ। ਜਲਸਾਜ ਟਰੈਵਲ ਏਜੈਂਟਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।

error: Content is protected !!