ਇੱਕਜੁਟ ਹੋਈਆਂ ਸਿੱਖ ਜਥੇਬੰਦੀਆਂ,ਉੱਠੀ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ

(ਵੀਓਪੀ ਬਿਓਰੋ)ਅਕਾਲ ਤਖ਼ਤ ਸਾਹਿਬ ’ਤੇ ਕੁੱਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਜਿਨ੍ਹਾਂ ਮੰਗ ਕੀਤੀ ਕਿ ਜਥੇਦਾਰ ਨਰਾਇਣ ਚੌੜਾ ਦੀ ਬਜਾਇ ਸੁਖਬੀਰ ਬਾਦਲ ਨੂੰ ਪੰਥ ’ਚੋਂ ਛੇਕਣ। ਉਨ੍ਹਾਂ ਕਿਹਾ ਕਿ ਇਹ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਨਿਮਾਣਾ-ਨਿਤਾਣਾ ਸਿੱਖ ਬਣ ਕੇ ਸੇਵਾ ਨਿਭਾ ਰਹੇ ਸਨ ਪਰ ਅਜਿਹਾ ਕੁੱਝ ਨਹੀਂ ਕਿਉਂਕਿ ਉਹ ਕੋਈ ਦੁੱਧ-ਧੋਤੇ ਨਹੀਂ ਹਨ ਬਲਕਿ ਇਕ ਅਪਰਾਧੀ ਹਨ।

ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਲੋਕ ਸੇਵਾ ਨਹੀਂ ਕਰ ਰਹੇ ਬਲਕਿ ਡਰਾਮੇਬਾਜ਼ੀ ਤੇ ਦਿਖਾਵਾਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਲੁਕ-ਛਿਪ ਕੇ ਹੁੰਦੀ ਹੈ ਪਰ ਇਨ੍ਹਾਂ ’ਤੇ ਮੀਡੀਆ ਦੇ ਕੈਮਰੇ ਇੰਜ ਲੱਗੇ ਹੁੰਦੇ ਹਨ ਕਿ ਜਿਵੇਂ ਇਨ੍ਹਾਂ ਨੇ ਕੋਈ ਵੱਡਾ ਮਾਅਰਕਾ ਮਾਰ ਲਿਆ ਹੋਵੇ।ਉਨ੍ਹਾਂ ਜਥੇਦਾਰਾਂ ’ਤੇ ਵੀ ਤੰਜ ਕਸਦਿਆਂ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਬਚਾਉਂਦੇ-ਬਚਾਉਂਦੇ, ਸਿੱਖ ਕੌਮ ’ਚੋਂ ਅਪਣਾ ਰੁਤਬਾ ਨਾ ਘਟਾ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰਾਂ ਨੂੰ ਪਹਿਲਾਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਮੰਗ ਪੱਤਰ ਦਿਤਾ ਸੀ ਪਰ ਉਨ੍ਹਾਂ ਅਜੇ ਤਕ ਉਸ ਮਸਲੇ ਦਾ ਹੱਲ ਨਹੀਂ ਕੀਤਾ।

ਇੱਕ ਵਿਅਕਤੀ ਵਲੋਂ ਜੋ ਅਜਨਾਲਾ ਥਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਗਿਆ ਸੀ ਉਹ ਵੀ ਬੇਅਦਬੀ ਸੀ ਇਸ ਲਈ ਜਥੇਦਾਰਾਂ ਨੂੰ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ।  ਉਨ੍ਹਾਂ ਦੁਬਾਰਾ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਕਿਸੇ ਨੂੰ ਪੰਥ ’ਚੋਂ ਛੇਕਣਾ ਹੈ ਤਾਂ ਉਹ ਸੁਖਬੀਰ ਬਾਦਲ ਨੂੰ ਪੰਥ ’ਚੋਂ ਛੇਕੇ। ਉਨ੍ਹਾਂ ਕਿਹਾ ਕਿ 2015 ਵਿੱਚ ਜੋ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਸ ਵਿੱਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਸੀ। ਪਰ ਇਸ ਪਾਰਟੀ ਦਾ ਆਈਟੀ ਸੈੱਲ ਆਮ ਸਿੱਖਾਂ ਨੂੰ ਮੰਦਾ-ਚੰਗਾ ਬੋਲਦਾ ਸੀ। ਜਦਕਿ ਇਹ ਸਾਰੇ ਜਾਣਦੇ ਸਨ ਕਿ ਬਾਦਲ ਪਰਿਵਾਰ ਨੇ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਸ ਉੱਤੇ ਬੁਲਾ ਕੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਦਾ ਕਾਰਾ ਕੀਤਾ ਸੀ।

ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਾਵੇਂ ਪਹਿਲਾਂ ਅਕਾਲੀ ਵਰਕਰ ਇਹ ਨਹੀਂ ਮੰਨਦੇ ਸੀ ਕਿ ਉਕਤ ਸਾਰੇ ਗੁਨਾਹ ਅਕਾਲੀ ਭਾਜਪਾ ਦੇ ਸੱਤਾ ਵਿੱਚ ਰਹਿੰਦਿਆਂ ਹੋਏ ਪਰ 2 ਦਸੰਬਰ ਨੂੰ ਇਹ ਗੱਲ ਸਾਹਮਣੇ ਆ ਗਈ ਕਿ ਇਹ ਸਾਰੇ ਗੁਨਾਹ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੇ ਕੀਤੇ। ਇਸ ਲਈ ਜਥੇਦਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਨ੍ਹਾਂ ਦੇ ਮੂੰਹੋਂ ਗੁਨਾਹ ਕਬੂਲ ਕਰਵਾ ਲਏ। ਉਨ੍ਹਾਂ ਨੇ ਕਿਹਾ ਕਿ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਸ ਉੱਤੇ ਬੁਲਾਉਣ ਦੀ ਘਟਨਾ ਨੂੰ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਪੰਥ ਦੇ ਵਿਹੜੇ ਵਿੱਚ ਲਿਆਂਦਾ ਸੀ। ਪਰ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜ ਪਿਆਰਿਆਂ ਨੂੰ ਬਰਖਾਸਤ ਕਰ ਦਿੱਤਾ ਸੀ ਜੋ ਕਿ 1699 ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਵਿੱਚ ਹੋਇਆ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਸੁਖਬੀਰ ਬਾਦਲ ਨੇ ਗੁਨਾਹ ਕਬੂਲ ਕਰ ਲਏ ਹਨ ਤਾਂ ਪੰਜ ਪਿਆਰਿਆਂ ਦਾ ਮਾਣ-ਸਨਮਾਨ ਬਹਾਲ ਹੋਣਾ ਚਾਹੀਦਾ ਹੈ। ਉਨ੍ਹਾਂ ਜਥੇਦਾਰਾਂ ਵੱਲੋਂ ਅਕਾਲੀ ਦਲ ਦੇ ਆਗੂਆਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਲਈ ਦਿੱਤੇ ਹੋਰ 20 ਦਿਨਾਂ ਉੱਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਪਹਿਲਾਂ 3 ਦਿਨ ਕਿਉਂ ਦਿੱਤੇ ਸਨ? ਉਨ੍ਹਾਂ ਇਹ ਵੀ ਦੁਹਰਾਇਆ ਕਿ ਨਾਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾਉਣ ਵਾਲੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਲੋਕ ਬਾਦਲ ਪਰਿਵਾਰ ਨੂੰ ਫਿਰ ਤੋਂ ਜਿਊਂਦਾ ਕਰਨ ਦੀਆਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਪਰ ਪੰਥ ਨੂੰ ਉਹ ਮਨਜ਼ੂਰ ਨਹੀਂ।

ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਅਨੇਕਾਂ ਨੌਜਵਾਨਾਂ ਦੇ ਖੂਨ ਨਾਲ ਹੱਥ ਲਿਬੜੇ ਹੋਏ ਹਨ ਤਾਂ ਉਨ੍ਹਾਂ ਨੂੰ ਕੇਵਲ ਭਾਂਡੇ ਮਾਂਜਣ ਦੀ ਸਜ਼ਾ ਦਿੱਤੀ ਗਈ। ਜਦਕਿ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ, ਉਸ ਉੱਤੇ ਪਰਚੇ ਕਰਵਾ ਦਿੱਤੇ ਗਏ। ਇਹ  ਕਿੱਧਰ ਦਾ ਇਨਸਾਫ਼ ਹੈ?

ਉਨ੍ਹਾਂ ਸ਼੍ਰੋਮਣੀ ਕਮੇਟੀ ਉੱਤੇ ਤੰਜ਼ ਕੱਸਦਿਆਂ ਕਿਹਾ ਕਿ ਇਹ ਚੁਣੀ ਹੋਈ ਕਮੇਟੀ ਨਹੀਂ, ਚਿੰਬੜੀ ਹੋਈ ਕਮੇਟੀ ਹੈ। ਅਸੀਂ ਚਿੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਚੈਲੰਜ ਕਰ ਕੇ ਕਹਿੰਦੇ ਹਾਂ ਕਿ ਜੇਕਰ ਨਾਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਤਾਂ ਕੰਮ ਤੁਹਾਨੂੰ ਪੰਥ ਚੋਂ ਛੇਕ ਦੇਵੇਗੀ। ਫਿਰ ਤੁਹਾਨੂੰ ਕਿਸੇ ਵੀ ਸਟੇਜ਼ ਉੱਤੇ ਬੋਲਣ ਨਹੀਂ ਦਿੱਤਾ ਜਾਵੇਗਾ।

error: Content is protected !!