ਸਰਕਾਰੀ ਹਸਪਤਾਲ ‘ਚ ਚੂਹੇ ਦੇ ਕੱਟਣ ਨਾਲ ਕੈਂਸਰ ਪੀੜਤ 10 ਸਾਲਾ ਬੱਚੇ ਦੀ ਹੋਈ ਮੌ+ਤ , ਕੌਣ ਮਾਸੂਮ ਦੀ ਮੌ+ਤ ਲਈ ਜਿੰਮੇਵਾਰ

ਜੈਪੁਰ ਦੇ ਇਕ ਸਰਕਾਰੀ ਹਸਪਤਾਲ ਵਿਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੂਹੇ ਦੇ ਕੱਟੇ ਜਾਣ ਤੋਂ ਬਾਅਦ ਇਕ ਕੈਂਸਰ ਪੀੜਤ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੈਂਸਰ ਦੇ ਇਲਾਜ ਲਈ ਦਾਖ਼ਲ ਕਰਾਏ ਗਏ ਇਕ 10 ਸਾਲ ਦੇ ਬੱਚੇ ਦੇ ਪੈਰ ਦੀ ਉਂਗਲੀ ਨੂੰ ਕਥਿਤ ਤੌਰ ‘ਤੇ ਚੂਹੇ ਨੇ ਵੱਢ ਦਿੱਤਾ ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸਨਿਚਾਵਰ ਨੂੰ ਇਹ ਜਾਣਕਾਰੀ ਦਿੱਤੀ।

ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਚੂਹੇ ਦੇ ਕੱਟਣ ਕਾਰਨ ਨਹੀਂ ਹੋਈ, ਸਗੋਂ “ਸੈਪਟੀਸੀਮੀਆ ਸਦਮਾ ਅਤੇ ਜ਼ਿਆਦਾ ਇਨਫੈਕਸ਼ਨ” ਕਾਰਨ ਹੋਈ ਹੈ। ਰਾਜਸਥਾਨ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਬੱਚੇ ਨੂੰ ਇਲਾਜ ਲਈ 11 ਦਸੰਬਰ ਨੂੰ ਇੱਥੋਂ ਦੇ ਸਟੇਟ ਕੈਂਸਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਸੁਪਰਡੈਂਟ ਡਾਕਟਰ ਸੰਦੀਪ ਜਸੂਜਾ ਨੇ ਦੱਸਿਆ, “ਬੱਚੇ ਨੂੰ ਬੁਖ਼ਾਰ ਅਤੇ ਨਿਮੋਨੀਆ ਵੀ ਸੀ। ਜ਼ਿਆਦਾ ਇਨਫੈਕਸ਼ਨ, ਸੈਪਟੀਸੀਮੀਆ ਦੇ ਸਦਮੇ ਕਾਰਨ ਸ਼ੁੱਕਰਵਾਰ ਨੂੰ ਉਸਦੀ ਮੌਤ ਹੋ ਗਈ।” ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਸਿਖਿਆ ਸਕੱਤਰ ਅੰਬਰੀਸ਼ ਕੁਮਾਰ ਨੇ ਸਵਾਈ ਮਾਨ ਸਿੰਘ (ਐਸਐਮਐਸ) ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੋਂ ਰਿਪੋਰਟ ਮੰਗੀ ਹੈ।

ਇਕ ਖਬਰ ਮੁਤਾਬਕ ਬੱਚਾ ਦਾਖ਼ਲ ਹੋਣ ਤੋਂ ਕੁਝ ਦੇਰ ਬਾਅਦ ਹੀ ਰੋਣ ਲੱਗਾ। ਜਦੋਂ ਉਸ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਤੋਂ ਕੰਬਲ ਹਟਾਇਆ ਤਾਂ ਦੇਖਿਆ ਕਿ ਚੂਹੇ ਦੇ ਕੱਟਣ ਕਾਰਨ ਉਸ ਦੇ ਪੈਰ ਦੀ ਇੱਕ ਉਂਗਲੀ ਤੋਂ ਖ਼ੂਨ ਵਹਿ ਰਿਹਾ ਸੀ।

ਮੈਂਬਰਾਂ ਨੇ ਉਥੇ ਮੌਜੂਦ ਨਰਸਿੰਗ ਸਟਾਫ਼ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੱਤ ‘ਤੇ ਪੱਟੀ ਕਰ ਦਿੱਤੀ। ਜਸੂਜਾ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਚੂਹੇ ਦੇ ਕੱਟਣ ਦੀ ਸੂਚਨਾ ਮਿਲੀ ਤਾਂ ਉਸ ਨੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਾਫ਼-ਸਫ਼ਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

error: Content is protected !!