ਨਰਸ ਨੇ ਹੱਤਿਆ ਬਾਅਦ ਜ਼ਮੀਨ ਹੇਠਾਂ ਦੱਬ ਦਿੱਤਾ ਸੀ ਨੌਜਵਾਨ ਦਾ ਮ੍ਰਿਤਕ ਸਰੀਰ, ਇੰਝ ਖੁੱਲ੍ਹਿਆ ਮੌ+ਤ ਦਾ ਭੇਦ

ਭੁੱਚੋ ਮੰਡੀ ਵਿਚ ਰੇਲਵੇ ਲਾਈਨਾਂ ਤੋਂ ਅਗਲੇ ਪਾਸੇ 18 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਭੁੱਚੋ ਚੌਂਕੀ ਦੀ ਪੁਲਿਸ ਨੇ ਨਰਸ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਕਥਿਤ ਦੋਸ਼ਣ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਉਸ ਦੇ ਫੜ੍ਹੇ ਜਾਣ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਭੁੱਚੋਂ ਮੰਡੀ ਦੇ ਚੱਕਾਂ ਵਾਲੇ ਰੇਲਵੇ ਫਾਟਕ ਦੇ ਨੇੜੇ 18 ਸਾਲਾਂ ਨੌਜਵਾਨ ਦੀ ਲਾਸ਼ ਜ਼ਮੀਨ ਹੇਠ ਦੱਬੀ ਹੋਈ ਮਿਲੀ, ਜਿਸ ਦੀ ਪਛਾਣ ਬਲਜਿੰਦਰ ਸਿੰਘ ਲੱਬੀ ਪੁੱਤਰ ਮੇਲਾ ਸਿੰਘ ਵਾਸੀ ਗਿੱਲ ਖੁਰਦ ਵਜੋਂ ਹੋਈ ਹੈ। ਇਹ ਕਾਰਵਾਈ ਨਥਾਣਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ, ਭੁੱਚੋ ਦੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ, ਥਾਣਾ ਨਥਾਣਾ ਦੇ ਐਸਐਚਓ ਦਿਲਬਾਗ ਸਿੰਘ ਅਤੇ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਦੀ ਦੇਖਰੇਖ ਹੇਠ ਹੋਈ।

ਪੁਲਿਸ ਚੌਕੀ ਭੁੱਚੋ ਮੰਡੀ ਦੇ ਇੰਚਾਰਜ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਜਿੰਦਰ ਸਿੰਘ 2 ਦਸੰਬਰ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਅੱਜ ਗੁਪਤ ਸੂਚਨਾ ਦੇ ਆਧਾਰ ‘ਤੇ ਬਰਾਮਦ ਕੀਤੀ ਗਈ ਹੈ ਅਤੇ ਉਸਦੀ ਸ਼ਨਾਖਤ ਉਸਦੇ ਪਿਤਾ ਮੇਲਾ ਸਿੰਘ ਨੇ ਕੀਤੀ ਹੈ।

ਚੌਂਕੀ ਇੰਚਾਰਜ ਨਿਰਮਲਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੀਨਾਕਸ਼ੀ ਭੱਟੀ ਪਤਨੀ ਗੁਰਪ੍ਰੀਤ ਸਿੰਘ ਭੱਟੀ ਵਾਸੀ ਭੁੱਚੋ ਮੰਡੀ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਉਕਤ ਦੋਸ਼ਣ ਸਰਕਾਰੀ ਹਸਪਤਾਲ ਵਿਚ ਨਰਸ ਦੀ ਨੌਕਰੀ ਕਰਦੀ ਸੀ, ਜੋ ਕਾਫੀ ਸਮਾਂ ਪਹਿਲਾਂ ਨੌਕਰੀ ਤੋਂ ਮੁਅੱਤਲ ਕੀਤੀ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਦੀ ਹੱਤਿਆ ਵਿਚ ਮੀਨਾਕਸ਼ੀ ਭੱਟੀ ਨਾਲ ਕੁੱਝ ਹੋਰ ਲੋਕ ਵੀ ਹੋ ਸਕਦੇ ਹਨ, ਕਿਉਂਕਿ ਉਹ ਇਕੱਲੀ ਟੋਆ ਪੁੱਟਣ ਤੋਂ ਲੈ ਕੇ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਨਹੀਂ ਜਾ ਸਕਦੀ। ਇਸ ਲਈ ਉਸਦੀ ਗ੍ਰਿਫ਼ਤਾਰੀ ਬਾਅਦ ਹੀ ਘਟਨਾ ਦੇ ਕਈ ਰਾਜ਼ ਖੁੱਲ੍ਹਣਗੇ।

error: Content is protected !!