ਸੰਸਦ ‘ਚ ਪ੍ਰਦਰਸ਼ਨ ਦੌਰਾਨ ਬੀਜੇਪੀ ਦੇ 2 ਐਮਪੀ ਜ਼ਖਮੀ, ਉੱਧਰ ਕਾਂਗਰਸ ਬੋਲੀ- ਖੜਗੇ ਅਤੇ ਪ੍ਰਿਅੰਕਾ ਨਾਲ ਧੱਕਾ-ਮੁੱਕੀ

ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਸੰਸਦ ‘ਚ ਹੰਗਾਮਾ ਹੋਇਆ ਹੈ। ਵੀਰਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਕੰਪਲੈਕਸ ‘ਚ ਭਾਜਪਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਧੱਕਾ-ਮੁੱਕੀ ਹੋ ਗਈ, ਜਿਸ ‘ਚ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਜ਼ਖਮੀ ਹੋ ਗਏ। ਪ੍ਰਤਾਪ ਸਾਰੰਗੀ ਦੀ ਅੱਖ ‘ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੋਵੇਂ ਆਰਐਮਐਲ ਹਸਪਤਾਲ ਵਿੱਚ ਦਾਖ਼ਲ ਹਨ। ਪੀਐਮ ਮੋਦੀ ਨੂੰ ਮੁਕੇਸ਼ ਰਾਜਪੂਤ ਅਤੇ ਪ੍ਰਤਾਪ ਸਾਰੰਗੀ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।

ਪ੍ਰਤਾਪ ਸਾਰੰਗੀ ਨੇ ਕਿਹਾ, ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਜੋ ਮੇਰੇ ‘ਤੇ ਡਿੱਗ ਪਏ, ਜਿਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਿਆ।

ਮੈਂ ਪੌੜੀਆਂ ਕੋਲ ਖੜ੍ਹਾ ਸੀ ਜਦੋਂ ਰਾਹੁਲ ਗਾਂਧੀ ਨੇ ਆ ਕੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਜੋ ਮੇਰੇ ‘ਤੇ ਡਿੱਗ ਪਏ। ਆਪਣੇ ਆਰੋਪਾਂ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਅੰਦਰ ਜਾ ਰਿਹਾ ਸੀ ਤਾਂ ਭਾਜਪਾ ਦੇ ਸੰਸਦ ਮੈਂਬਰ ਮੈਨੂੰ ਧਮਕੀਆਂ ਦੇ ਰਹੇ ਸਨ।

ਉਨ੍ਹਾਂ ਨੇ ਮੈਨੂੰ ਧੱਕਾ ਦਿੱਤਾ, ਪਰ ਧੱਕਾ ਕਰਨ ਨਾਲ ਸਾਡਾ ਕੁਝ ਨਹੀਂ ਵਿਗੜਦਾ। ਕਾਂਗਰਸ ਦਾ ਆਰੋਪ ਹੈ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਪ੍ਰਿਯੰਕਾ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨਾਲ ਧੱਕਾ-ਮੁੱਕੀ ਕੀਤੀ ਹੈ।

ਰਾਜ ਸਭਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ: ਅੰਬੇਡਕਰ ‘ਤੇ ਦਿੱਤੇ ਬਿਆਨ ਤੋਂ ਬਾਅਦ ਵਿਰੋਧੀ ਧਿਰ ਹਮਲਾਵਰ ਹੈ। ਕਾਂਗਰਸ ਸਮੇਤ ਕਈ ਪਾਰਟੀਆਂ ਗ੍ਰਹਿ ਮੰਤਰੀ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੀਆਂ ਹਨ। ਵੀਰਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ। ਰਾਹੁਲ ਜਿੱਥੇ ਨੀਲੇ ਰੰਗ ਦੀ ਟੀ-ਸ਼ਰਟ ਵਿੱਚ ਪਹੁੰਚੇ, ਉੱਥੇ ਹੀ ਪ੍ਰਿਅੰਕਾ ਨੀਲੀ ਸਾੜ੍ਹੀ ਵਿੱਚ ਸੰਸਦ ਪਹੁੰਚੇ ਸਨ। ਦੂਜੇ ਪਾਸੇ ਭਾਜਪਾ ਕਾਂਗਰਸ ‘ਤੇ ਅੰਬੇਡਕਰ ਦਾ ਅਪਮਾਨ ਕਰਨ ਦਾ ਆਰੋਪ ਲਾਉਂਦੀ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਲੈ ਕੇ ਵੀਰਵਾਰ ਨੂੰ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ।

error: Content is protected !!