10 ਸਾਲ ਦੀ ਪੋਤੀ ਦੀ ਗਵਾਹੀ ’ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ, ਬੱਚੀ ਬਣੀ ਸੀ ਭਿਆਨਕ ਕਤਲੇਆਮ ਦੀ ਗਵਾਹ

6 ਸਾਲ ਪਹਿਲਾਂ 10 ਸਾਲ ਦੀ ਬੱਚੀ ਇਕ ਭਿਆਨਕ ਕਤਲੇਆਮ ਦੀ ਗਵਾਹ ਜਿਸ ਵਿਚ ਉਸ ਦੀ ਦਾਦੀ ਨੇ ਉਸ ਦੀ ਮਾਂ ’ਤੇ ਮਿੱਟੀ ਦਾ ਤੇਲ ਝਿੜਕ ਕੇ ਅੱਗ ਲਾ ਦਿਤੀ ਸੀ। ਹੁਣ ਠਾਣੇ ਸੈਸ਼ਨ ਅਦਾਲਤ ਨੇ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ ਉਸ ਦੀ 76 ਸਾਲਾ ਦਾਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

6 ਸਾਲ ਪਹਿਲਾਂ ਬੱਚੀ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਨੂੰ ਵੇਖਿਆ ਸੀ ਅਤੇ ਇਸ ਮਾਮਲੇ ਵਿਚ ਉਹ ਇਕਮਾਤਰ ਚਸ਼ਮਦੀਦ ਗਵਾਹ ਸੀ।

ਸੈਸ਼ਨ ਜੱਜ ਡੀ. ਐੱਸ. ਦੇਸ਼ਮੁੱਖ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਜਮਨਾਬੇਨ ਮੰਗਲਦਾਸ ਮਾਂਗੇ ਵਿਰੁਧ ਲੱਗੇ ਦੋਸ਼ਾਂ ਨੂੰ ਸਾਬਤ ਕਰ ਦਿਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਹਾਲਾਂਕਿ ਮ੍ਰਿਤਕਾ ਦੇ ਪਤੀ ਅਸ਼ੋਕ ਮਾਂਗੇ (40) ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿਤਾ। ਜੱਜ ਨੇ ਬਜ਼ੁਰਗ ਔਰਤ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।

ਵਧੀਕ ਸਰਕਾਰੀ ਵਕੀਲ ਸੰਧਿਆ ਐਚ. ਮਹਾਤਰੇ ਨੇ ਅਦਾਲਤ ਨੂੰ ਦਸਿਆ ਕਿ ਅਸ਼ੋਕ ਮਾਂਗੇ ਨਾਲ ਵਿਆਹੀ ਦਕਸ਼ਾ ਮਾਂਗੇ (30) ਨੂੰ ਉਸ ਦੀ ਸੱਸ ਜਮਨਾਬੇਨ ਮਾਂਗੇ ਤੰਗ ਪ੍ਰੇਸ਼ਾਨ ਕਰ ਰਹੀ ਸੀ।

error: Content is protected !!