ਹਾਈ ਵੋਲਟੇਜ ਤਾਰਾਂ ਦੀ ਲਪੇਟ ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ, ਹਾਲਤ ਗੰਭੀਰ

ਲੁਧਿਆਣਾ ‘ਚ ਢੰਡਾਰੀ ਖੁਰਦ ਵਿਖੇ ਛੱਤ ‘ਤੇ ਖੇਡ ਰਿਹਾ ਇਕ ਵਿਦਿਆਰਥੀ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆ ਗਿਆ। ਵਿਦਿਆਰਥੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਵਿਸ਼ਾਲ ਛੱਤ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਰੌਲਾ ਸੁਣ ਕੇ ਵਿਦਿਆਰਥੀ ਨੂੰ ਤੁਰਤ ਸਿਵਲ ਹਸਪਤਾਲ ਲਿਆਂਦਾ ਗਿਆ।

ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਤੁਰੰਤ ਪੀਜੀਆਈ ਰੈਫ਼ਰ ਕਰ ਦਿਤਾ। ਜ਼ਖ਼ਮੀ ਵਿਦਿਆਰਥੀ ਦਾ ਨਾਂ ਵਿਸ਼ਾਲ (14) ਹੈ। ਵਿਸ਼ਾਲ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੈ।ਜਾਣਕਾਰੀ ਦਿੰਦੇ ਹੋਏ ਵਿਸ਼ਾਲ ਦੇ ਜੀਜਾ ਸੁਮਿਤ ਨੇ ਦਸਿਆ ਕਿ ਵਿਸ਼ਾਲ ਛੱਤ ‘ਤੇ ਖੇਡ ਰਿਹਾ ਸੀ। ਫਿਰ ਗੁਆਂਢ ‘ਚ ਰਹਿਣ ਵਾਲੀ ਔਰਤ ਨੇ ਪਾਣੀ ਨਾਲ ਭਿੱਜੀ ਸਾੜੀ ਛੱਤ ‘ਤੇ ਸੁੱਕਣੀ ਪਾ ਦਿਤੀ ਸੀ। ਵਿਸ਼ਾਲ ਆਪਣੀ ਛੱਤ ‘ਤੇ ਖੇਡ ਰਿਹਾ ਸੀ।

ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਹਵਾ ਚਲਣ ਕਾਰਨ ਸਾੜੀ ਵਿਚ ਜੋ ਪਾਣੀ ਸੀ ਉਹ ਹਾਈ ਟੈਂਸ਼ਨ ਤਾਰਾਂ ‘ਤੇ ਡਿੱਗ ਗਿਆ ਜਿਸ ਕਾਰਨ ਇਮਾਰਤ ਦੀ ਛੱਤ ‘ਤੇ ਬਿਜਲੀ ਦਾ ਕਰੰਟ ਲਗ ਗਿਆ।ਵਿਸ਼ਾਲ ਨੇ ਦਸਿਆ ਕਿ ਨਹਾਉਣ ਤੋਂ ਬਾਅਦ ਉਹ ਛੱਤ ਦੇ ਬਨੇਰੇ ਕੋਲ ਖੇਡਦੇ ਸਮੇਂ ਖੜ੍ਹਾ ਹੋ ਗਿਆ। ਫਿਰ ਅਚਾਨਕ ਉਸ ਨੂੰ ਕਰੰਟ ਲਗ ਗਿਆ। ਉਸ ਨੂੰ ਲੱਗਾ ਜਿਵੇਂ ਉਸ ਨੂੰ ਅੱਗ ਲਗ ਗਈ ਹੋਵੇ। ਇਸ ਦੌਰਾਨ ਉਹ ਬੇਹੋਸ਼ ਹੋ ਗਿਆ ਅਤੇ ਜ਼ਮੀਨ ‘ਤੇ ਡਿੱਗ ਗਿਆ।

ਪੂਰੀ ਇਮਾਰਤ ਦੀਆਂ ਤਾਰਾਂ ਸੜ ਗਈਆਂ। ਹਾਦਸੇ ‘ਚ ਔਰਤ ਦੇ ਵੀ ਝੁਲਸਣ ਦਾ ਪਤਾ ਲੱਗਾ ਹੈ। ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਠੋਸ ਜਾਣਕਾਰੀ ਨਹੀਂ ਆਈ ਹੈ। ਜਦੋਂ ਵਿਸ਼ਾਲ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ 60 ਤੋਂ 70 ਫ਼ੀ ਸਦੀ ਤਕ ਸੜ ਚੁਕਾ ਸੀ।

ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਰੈਫ਼ਰ ਕਰ ਦਿਤਾ। ਵਿਸ਼ਾਲ 7ਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਇੱਕ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ। ਸੁਮਿਤ ਨੇ ਦਸਿਆ ਕਿ ਬਿਜਲੀ ਦੇ ਝਟਕੇ ਕਾਰਨ ਵਿਸ਼ਾਲ ਦੇ ਚਿਹਰੇ ਦੀ ਚਮੜੀ ਅਤੇ ਬਾਕੀ ਸਰੀਰ ਸੜ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਹਾਈ ਵੋਲਟੇਜ ਤਾਰਾਂ ਨੂੰ ਲੈ ਕੇ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਹੈ।

error: Content is protected !!