ਅੰਗੀਠੀ ਬਾਲ ਦੇ ਸੌਣਾ ਪਿਆ ਮਹਿੰਗਾ, ਧੂੰਏਂ ਨਾਲ ਦਮ ਘੁੱਟਣ ਨਾਲ ਡੇਢ ਸਾਲ ਦੇ ਬੱਚੇ ਸਮੇਤ ਮਾਂ ਦੀ ਮੌ+ਤ

ਨਿਊ ਚੰਡੀਗੜ੍ਹ ਦੀ ਇਕ ਕੋਠੀ ਦੇ ਸਰਵੈਂਟ ਕੁਆਰਟਰ ਵਿਚ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਸੁੱਤੇ ਪਏ ਇਕ ਪਰਿਵਾਰ ’ਚੋਂ ਡੇਢ ਸਾਲ ਦੇ ਬੱਚੇ ਅਤੇ ਉਸਦੀ ਮਾਂ ਦੀ ਧੂੰਏਂ ਨਾਲ ਦਮ ਘੁਟਣ ਕਰ ਕੇ ਮੌਤ ਹੋ ਗਈ ਜਦਕਿ ਬੱਚੇ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਨੇਪਾਲ ਦਾ ਮੂਲ ਨਿਵਾਸੀ ਦੀਪਕ ਆਪਣੀ ਪਤਨੀ ਪਰਸੂਪਤੀ ਤੇ ਕਰੀਬ ਡੇਢ ਸਾਲ ਦੇ ਪੁੱਤਰ ਦਵਿਆਸ਼ ਨਾਲ ਇੱਥੇ ਰਹਿੰਦਾ ਸੀ। ਵਧੇਰੇ ਠੰਢ ਦੇ ਮੱਦੇਨਜ਼ਰ ਪਰਿਵਾਰ ਕੋਲਿਆਂ ਵਾਲੀ ਅੰਗੀਠੀ ਬਾਲ਼ ਕੇ ਨਿੱਘ ਵਿਚ ਸੁੱਤਾ ਪਿਆ ਸੀ।

ਜਦੋਂ ਸਵੇਰੇ 11 ਵਜੇ ਤੱਕ ਦੀਪਕ ਹੇਠਾਂ ਨਾ ਆਇਆ ਤਾਂ ਮਕਾਨ ਮਾਲਕ ਨੇ ਉਸ ਨੂੰ ਫੋਨ ਕੀਤਾ ਪਰ ਅੱਗਿਓਂ ਕਿਸੇ ਨੇ ਫੋਨ ਨਹੀਂ ਸੁਣਿਆ। ਮਾਲਕ ਜਦੋਂ ਉਸਦੇ ਕਮਰੇ ਵਿਚ ਗਿਆ ਤਾਂ ਦਰਵਾਜ਼ਾ ਖੜਕਾਉਣ ਮਗਰੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।

ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਅਤੇ ਆ ਕੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮਾਂ ਤੇ ਬੱਚਾ ਦੋਵੇਂ ਜਣੇ ਮਰੇ ਪਏ ਸਨ ਅਤੇ ਦੀਪਕ ਦੇ ਸਾਹ ਚੱਲ ਰਹੇ ਸਨ।

ਪੁਲਿਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਏਐੱਸਆਈ ਦਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਨੁਸਾਰ ਮਾਂ-ਪੁੱਤ ਦੋਵਾਂ ਦੀਆਂ ਲਾਸ਼ਾਂ ਖਰੜ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

error: Content is protected !!