ਬਠਿੰਡਾ ‘ਚ ਵਾਪਰੀ ਰੂਹ ਕੰਬਾਊ ਘਟਨਾ, ਘਰ ਦੀ ਟੈਂਕੀ ‘ਚੋਂ ਬਰਾਮਦ ਹੋਈ ਲਾਪਤਾ ਵਿਦਿਆਰਥਣ ਦੀ ਲਾ+ਸ਼

ਬਠਿੰਡਾ ‘ਚ ਬੱਸ ਹਾਦਸੇ ਦੀ ਪੀੜਤਾਂ ਦਾ ਦਰਦ ਅਜੇ ਮੁੱਕਿਆ ਨਹੀਂ ਹੈ। ਹੁਣ ਪਿੰਡ ਅਤਰ ਸਿੰਘ ਵਾਲਾ ਤੋਂ ਖੌਫਨਾਕ ਘਟਨਾ ਵਾਪਰੀ ਹੈ। ਇਥੇ 4 ਦਿਨਾਂ ਤੋਂ ਲਾਪਤਾ 10ਵੀਂ ਦੀ ਇੱਕ 15 ਸਾਲਾ ਵਿਦਿਆਰਥਣ ਦੀ ਘਰ ਦੀ ਟੈਂਕੀ ਵਿਚੋਂ ਹੀ ਲਾਸ਼ ਮਿਲਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਨੂ ਕੌਰ ਦੇ ਪਿਤਾ ਨੇ 26 ਦਸੰਬਰ ਨੂੰ ਉਸ ਦੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਫਿਲਹਾਲ, ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਮੰਨੂ ਕੌਰ ਦੀ ਉਮਰ 15 ਸਾਲ ਸੀ, ਜੋ ਕਿ ਦਸਵੀਂ ਜਮਾਤ ‘ਚ ਪੜ੍ਹਦੀ ਸੀ। ਮੌਕੇ ‘ਤੇ ਹਾਜ਼ਰ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਘਟਨਾ ਬਠਿੰਡਾ ਦੇ ਪਿੰਡ ਥਾਣਾ ਨੰਦਗੜ੍ਹ ਏਰੀਏ ਦੇ ਨਾਲ ਲੱਗਦੇ ਚੱਕ ਅਤਰ ਸਿੰਘ ਦੀ ਹੈ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਪਾਣੀ ਵਾਲੀ ਟੈਂਕੀ ਬਣੀ ਹੋਈ ਹੈ, ਜਿਸ ਵਿਚੋਂ ਹੀ ਉਨ੍ਹਾਂ ਦੀ ਧੀ ਦੀ ਲਾਸ਼ ਮਿਲੀ ਹੈ।

ਥਾਣਾ ਨੰਦਗੜ੍ਹ ਦੇ ਏਐਸਆਈ ਯੂਸਫ ਮੁੰਹਮਦ ਨੇ ਕਿਹਾ ਕਿ ਮਿਤੀ 26 ਦਸੰਬਰ ਨੂੰ ਥਾਣੇ ਵਿੱਚ ਮ੍ਰਿਤਕ ਕੁੜੀ ਮੰਨੂ ਕੌਰ ਦੇ ਪਿਤਾ ਨੇ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀ ਕੁੜੀ 25 ਦਸੰਬਰ ਨੂੰ ਘਰ ਤੋਂ ਬਿਨਾਂ ਦੱਸੇ ਚਲੀ ਗਈ ਹੈ, ਜਿਸ ‘ਤੇ ਉਨ੍ਹਾਂ ਵੱਲੋਂ ਮੁਕਦਮਾ ਨੰਬਰ 81 ਕਿਡਨੈਪਿੰਗ ਦਾ ਦਰਜ ਕੀਤਾ ਗਿਆ ਸੀ।

ਉਪਰੰਤ ਉਨ੍ਹਾਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਅੱਜ ਸਵੇਰੇ ਸੂਚਨਾ ਮਿਲੀ ਕਿ ਮੰਨੂ ਕੌਰ ਦੀ ਡੈਡ ਬਾਡੀ ਇਨ੍ਹਾਂ ਦੇ ਘਰ ਦੇ ਵਿੱਚ ਪਾਣੀ ਵਾਲੀ ਡਿੱਗੀ ਬਣੀ ਹੈ, ਜਿਥੇ ਪਾਣੀ ਸਟੋਰ ਕੀਤਾ ਜਾਂਦਾ ਹੈ, ਉਸ ਵਿੱਚ ਮਿਲੀ ਹੈ।

ਉਨ੍ਹਾਂ ਕਿਹਾ ਕਿ ਕੁੜੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ।

error: Content is protected !!