ਖਨੌਰੀ ਬਾਰਡਰ ‘ਤੇ ਤਣਾਅ, ਜਾਪ ਕਰਦੇ ਮਰਨ ਵਰਤ ‘ਤੇ ਬਹਿ ਗਏ 111 ਕਿਸਾਨ, ਭਾਰੀ ਪੁਲਿਸ ਤਾਇਨਾਤ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 51ਵਾਂ ਦਿਨ ਹੈ। ਉਨ੍ਹਾਂ ਦੇ ਸਮਰਥਨ ਵਿੱਚ ਅੱਜ ਤੋਂ 111 ਕਿਸਾਨ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠ ਗਏ ਹਨ। ਇਸ ਕਾਰਨ ਖਨੌਰੀ ਸਰਹੱਦ ‘ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਹਰਿਆਣਾ ਪੁਲਿਸ ਵੱਲੋਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸਰਹੱਦ ਨੇੜੇ ਕਿਸਾਨ ਮਰਨ ਵਰਤ ’ਤੇ ਬੈਠੇ ਹਨ।

ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਅਤੇ ਖਨੌਰੀ ਮੋਰਚਾ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ 111 ਕਿਸਾਨਾਂ ਦਾ ਜਥਾ ਡੱਲੇਵਾਲ ਸਮੇਤ ਮਰਨ ਵਰਤ ‘ਤੇ ਬੈਠੇਗਾ।ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਫੈਸਲੇ ‘ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ 111 ਕਿਸਾਨਾਂ ਦਾ ਪਹਿਲਾ ਜਥਾ ਕਾਲੇ ਚੋਲੇ ਪਾ ਕੇ ਮਰਨ ਵਰਤ ਲਈ ਹਰਿਆਣਾ ਪੁਲਿਸ ਦੇ ਬੈਰੀਕੇਡਾਂ ਨੇੜੇ ਪੁੱਜਾ। ਕਿਸਾਨ ਬੈਰੀਕੇਡਿੰਗ ਤੋਂ ਕਰੀਬ ਦੋ ਸੌ ਮੀਟਰ ਪਹਿਲਾਂ ਲਾਈ ਕੰਡਿਆਲੀ ਤਾਰ ਕੋਲ ਸ਼ਾਂਤੀ ਨਾਲ ਬੈਠ ਗਏ ਹਨ।

ਦੂਜੇ ਪਾਸੇ ਕਿਸਾਨਾਂ ਨੂੰ ਹਰਿਆਣਾ ਵੱਲ ਵਧਣ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਹਰਿਆਣਾ ਪੁਲਿਸ ਖਨੌਰੀ ਬਾਰਡਰ ‘ਤੇ ਲਾਠੀਆਂ ਅਤੇ ਡੰਡਿਆਂ ਨਾਲ ਤਾਇਨਾਤ ਹੈ। ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਸਰਹੱਦ ਨੇੜੇ ਮਰਨ ਵਰਤ ਨਾ ਰੱਖਣ ਦੀ ਹਦਾਇਤ ਕੀਤੀ ਸੀ ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰਦਿਆਂ ਇੱਥੇ ਹੀ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ।
ਇਸ ਦੇ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਇੱਥੇ ਕੋਈ ਪੱਕਾ ਟੈਂਟ ਆਦਿ ਨਹੀਂ ਲਗਾਇਆ ਜਾਵੇਗਾ, ਸਗੋਂ ਖੁੱਲ੍ਹੇ ਅਸਮਾਨ ਹੇਠ ਹੀ ਅਰਦਾਸ ਕੀਤੀ ਜਾਵੇਗੀ ਅਤੇ ਠੰਢ ਤੋਂ ਬਚਾਅ ਲਈ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਗੱਦੇ ‘ਤੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਪਹਿਲੇ ਜਥੇ ਵਿੱਚ 30 ਸਾਲ ਦੇ ਨੌਜਵਾਨਾਂ ਸਣੇ ਬਜ਼ੁਰਗਾਂ ਨੇ ਭਾਗ ਲਿਆ।

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ਰੱਖਣ ਵਾਲਾ ਇਹ ਪਹਿਲਾ ਜਥਾ ਹੈ। ਸਟੇਜ ਤੋਂ ਅਰਦਾਸ ਕਰਨ ਤੋਂ ਬਾਅਦ ਜਥਾ ਖਨੌਰੀ ਦੀ ਹਰਿਆਣਾ ਸਰਹੱਦ ਵੱਲ ਰਵਾਨਾ ਹੋਇਆ ਅਤੇ ਇੱਥੇ ਸ਼ਾਂਤਮਈ ਢੰਗ ਨਾਲ ਮਰਨ ਵਰਤ ਕੀਤਾ ਜਾਵੇਗਾ। ਹਰਿਆਣਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਮਗਰੋਂ ਇੱਥੇ ਬੈਠਣ ਲਈ ਸਹਿਮਤੀ ਦਿੱਤੀ ਗਈ ਹੈ ਅਤੇ ਹਰਿਆਣਾ ਪੁਲਿਸ ਨੇ ਵੀ ਰੱਸਾ ਬੰਨ੍ਹ ਕੇ ਅੱਗੇ ਨਾ ਵਧਣ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਪਰ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ।

error: Content is protected !!