ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਜਿਲ੍ਹੇ ਦੇ 13 ਸਕੂਲਾਂ ਦੀ ਚੋਣ, ਦੇਸ਼ਭਰ ‘ਚ 345 ਸਕੂਲਾਂ ਦੀ ਹੋਈ ਚੋਣ

4 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਕੀਤੇ ਜਾਣਗੇ ਸਨਮਾਨਿਤ

ਜਲੰਧਰ (ਨੂਰ ਸ਼ੁਭ) ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐੰਡ ਕਲਾਈਮੇਟ ਚੇੰਜ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਵਿਗਿਆਨ ਅਤੇ ਪਰਿਆਵਰਨ ਕੇਂਦਰ ਨਵੀਂ ਦਿੱਲੀ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਅਤੇ ਟੈਕਨੋਲਜੀ ਦੇ ਸਾਂਝੇ ਯਤਨਾ ਸਦਕਾ ਪੰਜਾਬ ਰਾਜ ਦੇ ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਆਡਿਟ ਕਰਵਾਇਆ ਗਿਆ। ਇਸ ਆਡਿਟ ਉਪਰੰਤ ਜਲੰਧਰ ਜਿਲ੍ਹੇ ਦੇ 13 ਸਕੂਲਾਂ ਨੂੰ ਗ੍ਰੀਨ ਸਕੂਲ ਅਵਾਰਡ ਲਈ ਚੁਣਿਆ ਗਿਆ।

ਗ੍ਰੀਨ ਸਕੂਲ ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫ਼ਸਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੀਨ ਸਕੂਲ ਅਵਾਰਡ ਲਈ ਚੁਣੇ ਗਏ ਜਿਲ੍ਹੇ ਦੇ 13 ਸਕੂਲਾਂ ਵਿੱਚੋਂ 12 ਸਕੂਲ ਸਰਕਾਰੀ ਹਨ।ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਜੀ.ਐਸ.ਪੀ ਆਡਿਟ ਵਿੱਚ ਭਾਗ ਲੈਣ ਵਾਲੇ ਸਕੂਲਾਂ ਵਿੱਚ ਹਵਾ, ਪਾਣੀ, ਧਰਤੀ, ਭੋਜਨ ਦੀ ਗੁਣਵੱਤਾ, ਕੂੜਾ ਅਤੇ ਊਰਜਾ ਦੀਆਂ ਕਸੌਟੀਆਂ ਦੀ ਜਾਂਚ ਕੀਤੀ ਗਈ ਸੀ। ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਹਰਜੀਤ ਕੁਮਾਰ ਬਾਵਾ ਅਤੇ ਹਰਦਰਸ਼ਨ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਦੀ ਰੇਟਿੰਗ ਵਿੱਚ ਸੁਧਾਰ ਕਰਦਿਆਂ ਹੋਇਆਂ ਜਲੰਧਰ ਦੇ 12 ਸਰਕਾਰੀ ਸਕੂਲਾਂ ਨੂੰ ਇਹ ਮਾਣ ਹਾਸਲ ਹੋਇਆ ਹੈ।

ਇਹਨਾਂ ਵਿੱਚ ਮੁੱਖ ਤੌਰ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ, ਸਰਕਾਰੀ ਹਾਈ ਸਕੂਲ ਜਲਭੇ, ਸਰਕਾਰੀ ਹਾਈ ਸਕੂਲ ਪਤਾਰਾ, ਸਰਕਾਰੀ ਮਿਡਲ ਸਕੂਲ ਗੜ੍ਹਾ, ਸਰਕਾਰੀ ਪ੍ਰਾਇਮਰੀ ਸਕੂਲ ਗੁਰਾਇਆ, ਸਰਕਾਰੀ ਹਾਈ ਸਕੂਲ ਦਿਆਲਪੁਰ, ਸਰਕਾਰੀ ਮਿਡਲ ਸਕੂਲ ਬੱਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ(ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਸੀਆਂ ਕਹਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਅਤੇ ਡੀ.ਸੀ ਕਾਲਜੀਏਟ ਸੀਨੀਅਰ ਸੈਕਡਰੀ ਸਕੂਲ ਸ਼ਾਮਲ ਹਨ। ਜਿਲ੍ਹਾ ਜਲੰਧਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਖੁਸ਼ੀ ਜਾਹਰ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੈਸ਼ਨਲ ਅਵਾਰਡੀ ਡਾ. ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਟੇਟ ਅਵਾਰਡੀ ਰਾਜੀਵ ਜੋਸ਼ੀ ਵੱਲੋਂ ਜਿਲ੍ਹੇ ਦੀ ਜੀ.ਐਸ.ਪੀ ਟੀਮ ਅਤੇ ਗ੍ਰੀਨ ਸਕੂਲ ਵਜੋਂ ਚੁਣੇ ਗਏ ਸਕੂਲਾਂ ਦੇ ਮੁਖੀਆਂ, ਰਿਸੋਰਸ ਪਰਸਨ ਧਰਮਪਾਲ ਸਿੰਘ ਅਤੇ ਮਨੀਸ਼ ਸ਼ਰਮਾ ਸਮੇਤ ਸਮੂਹ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।

ਡਾ. ਗੁਰਿੰਦਰਜੀਤ ਕੌਰ ਨੇ ਕਿਹਾ ਕਿ ਇਸ ਸਬੰਧੀ ਸਮੇਂ-ਸਮੇਂ ਤੇ ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦੇ ਸੈਮੀਨਾਰ ਵੀ ਲਗਾਏ ਗਏ ਜਿਸਦੇ ਨਤੀਜਾ ਸਦਕਾ ਜਿਲ੍ਹੇ ਨੂੰ ਇਹ ਮਾਣ ਹਾਸਲ ਹੋਇਆ ਹੈ। ਰਾਜੀਵ ਜੋਸ਼ੀ ਨੇ ਕਿਹਾ ਕਿ ਇਹ ਜਿਲ੍ਹੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਗ੍ਰੀਨ ਸਕੂਲ ਵਜੋਂ ਚੁਣੇ ਗਏ ਸਕੂਲਾਂ ਨੂੰ ਵਿਗਿਆਨ ਅਤੇ ਵਾਤਾਵਰਨ ਕੇਂਦਰ ਵੱਲੋਂ ਨਵੀਂ ਦਿੱਲੀ ਵਿਖੇ ਸਨਮਾਨ ਸਮਾਰੋਹ ਵਿਖੇ ਸਨਮਾਨਿਤ ਕੀਤਾ ਜਾਵੇਗਾ।

error: Content is protected !!