ਕਰਨਾਟਕ ਦੇ ਉੱਤਰ ਕੰਨੜ ਜ਼ਿਲੇ ਦੇ ਯਾਲਾਪੁਰਾ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਗੁਲਾਪੁਰਾ ਵਿੱਚ ਸਬਜ਼ੀਆਂ ਨਾਲ ਭਰਿਆ ਇੱਕ ਟਰੱਕ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਜਿਸ ਕਾਰਨ ਟਰੱਕ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ।
ਉੱਤਰਾ ਕੰਨੜ ਦੇ ਐੱਸਪੀ ਐਮ ਨਰਾਇਣ ਨੇ ਦੱਸਿਆ ਕਿ ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੇ NH-63 ‘ਤੇ ਅੱਜ ਸਵੇਰੇ ਇੱਕ ਟਰੱਕ ਹਾਦਸਾਗ੍ਰਸਤ ਹੋਇਆ ਹੈ।
ਇਸ ਟਰੱਕ ਵਿੱਚ ਸਬਜ਼ੀਆਂ ਅਤੇ ਫਲ ਵੀ ਲੱਦੇ ਹੋਏ ਸਨ ਅਤੇ ਇਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਟਰੱਕ ਡਰਾਈਵਰ ਦੂਜੇ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦੇ ਹੋਏ ਖੱਬੇ ਪਾਸੇ ਚਲਾ ਗਿਆ ਅਤੇ ਕਰੀਬ 50 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਿਆ।
ਜਾਂਚ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਤੜਕੇ ਇੱਕ ਸਬਜ਼ੀ ਦਾ ਟਰੱਕ 50 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਮੌਜੂਦ ਸਾਰੇ ਲੋਕ ਸਾਵਨੂਰ ਤੋਂ ਸ਼ੁਰੂ ਹੋ ਕੇ ਸਬਜ਼ੀਆਂ ਅਤੇ ਫਲ ਵੇਚਣ ਲਈ ਯਾਲਾਪੁਰਾ ਮੇਲੇ ਵੱਲ ਜਾ ਰਹੇ ਸਨ। ਇਸ ਹਾਦਸੇ ‘ਚ ਕਰੀਬ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 15 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਹੁਬਲੀ ਦੇ ਕੇਆਈਐੱਮਐੱਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।