ਫੋਟੋ ਖਿੱਚਦੀ ਖਿੱਚਦੀ ਪੰਜਾਬਣ ਹੋ ਗਈ ਕੈਨੇਡਾ ਚ ਲਾਪਤਾ, ਮਾਪੇ ਹੋ ਗਏ ਪ੍ਰੇਸ਼ਾਨ

ਬਠਿੰਡਾ: ਪਿੰਡ ਸੰਦੋਹਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਜਿਸ ਤੋਂ ਬਾਅਦ ਪਰਿਵਾਰ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਹਰ ਕੋਈ ਇਹੀ ਸਵਾਲ ਕਰ ਰਿਹਾ ਕਿ ਆਖ਼ਰ ਸੰਦੀਪ ਕਿੱਥੇ ਗਈ? ਦਰਅਸਲ ਸੰਦੀਪ ਕੈਨੇਡਾ ‘ਚ ਰਹਿ ਰਹੀ ਸੀ ਪਰ 15 ਜਨਵਰੀ ਤੋਂ ਉਸ ਦਾ ਪਤਾ ਨਹੀਂ ਲੱਗ ਰਿਹਾ। ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

ਪਰਿਵਾਰ ਮੁਤਾਬਿਕ ਸੰਦੀਪ ਕੈਨੇਡਾ ‘ਚ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਗਈ ਸੀ। ਪਰਿਵਾਰ ਨੇ ਕਰਜ਼ਾ ਚੁੱਕ ਅਤੇ ਆਪਣੀ ਜ਼ਮੀਨ ਵੇਚ ਕੇ ਲਾਡਲੀ ਧੀ ਨੂੰ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਸੰਦੀਪ ਨੂੰ ਹਮੇਸ਼ਾ ਲਈ ਆਪਣੇ ਤੋਂ ਦੂਰ ਕਰ ਰਹੇ ਹਨ।

ਸੰਦੀਪ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਸੰਦੀਪ ਹੁਣ ਰੁਜ਼ਗਾਰ ਦੀ ਭਾਲ ਵਿੱਚ ਸੀ ਅਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਪਰਿਵਾਰ ਵੱਲੋਂ ਚੁੱਕਿਆ ਕਰਜ਼ਾ ਜ਼ਰੂਰ ਉਤਾਰ ਦੇਵੇਗੀ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰ ਦੇਵਗੀ ਪਰ ਹੁਣ ਉਨ੍ਹਾਂ ਦੀ ਧੀ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ।

ਕੰਮ ਨੂੰ ਲੈ ਕੇ ਚਿੰਤਾ

ਲੜਕੀ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ “ਕਰੀਬ ਤਿੰਨ ਮਹੀਨੇ ਪਹਿਲਾਂ ਸੰਦੀਪ ਨੇ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ। ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ ਅਤੇ ਉਸ ਦੀ ਮਾਮੇ ਨਾਲ ਇੱਕ ਜਨਵਰੀ ਨੂੰ ਗੱਲ ਹੋਈ ਸੀ। ਉਸ ਸਮੇਂ ਵੀ ਉਹ ਕੰਮ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਲੱਗ ਰਹੀ ਸੀ।

ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਮਿਲੀ ਕਿ ਸੰਦੀਪ ਕੰਮ ਦੀ ਭਾਲ ‘ਚ ਬਾਹਰ ਗਈ ਸੀ। ਰਸਤੇ ‘ਚ ਆਪਣੇ ਕਿਸੇ ਦੋਸਤ ਨਾਲ ਬੀਚ ‘ਤੇ ਫੋਟੋਆਂ ਖਿੱਚਣ ਲੱਗ ਗਈ ਅਤੇ ਪਾਣੀਆਂ ਦੀਆਂ ਲਹਿਰਾਂ ਨਾਲ ਉਹ ਪਾਣੀ ‘ਚ ਵਹਿ ਗਈ”। ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪਰਿਵਾਰ ਵੱਲੋਂ ਜਿੱਥੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਸਰਕਾਰ ਤੋਂ ਮਾਲੀ ਮਦਦ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

error: Content is protected !!