‘ਖੇਡ ਭਾਰਤੀ ਪੰਜਾਬ’ ਦੇ ‘ਸ਼ਾਨ-ਏ-ਪੰਜਾਬ ਟੀ-20 ਕ੍ਰਿਕੇਟ ਕੱਪ’ ਦੇ ਕੁਆਰਟਰ-ਫਾਈਨਲ ਦੇ ਦੂਜੇ ਮੈਚ ਵਿੱਚ ਟੌਸ ਰਿਹਾ ਬੋਸ

ਜਲੰਧਰ (ਵੀਓਪੀ ਬਿਊਰੋ) ‘ਖੇਡ ਭਾਰਤੀ ਪੰਜਾਬ’ ਵੱਲੋਂ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’ ਦੀ ਅਗਵਾਈ ਚ’ ਬਰਲਟਨ ਪਾਰਕ ਵਿਖੇ ਕਰਵਾਏ ਜਾ ਰਹੇ ਪਹਿਲੇ ਟੀ-20 ਕ੍ਰਿਕੇਟ ਟੂਰਨਾਮੈਂਟ ‘ਸ਼ਾਨ-ਏ-ਪੰਜਾਬ ਕੱਪ 2025’ ਦੇ ਕੁਆਰਟਰ-ਫਾਈਨਲ ਦੇ ਪਹਿਲੇ ਮੈਚ ਵਿੱਚ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ‘ਖੇਡ ਭਾਰਤੀ ਪੰਜਾਬ’ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਜਾ ਚੁੱਕਾ ਹੈ ਅਤੇ ਖੇਡ ਭਾਰਤੀ ਪੰਜਾਬ ਦੀ ਇਹ ਪਹਿਲਕਦਮੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਇਕ ਹੋਵੇਗੀ।

ਇਸ ਮੌਕੇ ‘ਖੇਡ ਭਾਰਤੀ ਪੰਜਾਬ’ ਦੇ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਕ੍ਰਿਕੇਟ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 7 ਵੱਖ-ਵੱਖ ‘ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀਆਂ ਟੀਮਾਂ ਅਤੇ 9 ਕ੍ਰਿਕੇਟ ਕਲੱਬਾਂ ਦੀਆਂ ਟੀਮਾਂ ਸ਼ਾਮਲ ਹਨ। ਇਸ ਕ੍ਰਿਕੇਟ ਟੂਰਨਾਮੈਂਟ ਦਾ ਮੁੱਖ ਉਦੇਸ਼ ‘ਖੇਡ ਭਾਰਤੀ ਪੰਜਾਬ’ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਨਸ਼ਿਆਂ ਖ਼ਿਲਾਫ਼ ਖੜੇ ਸਾਰਾ ਪੰਜਾਬ, ਨਸ਼ਿਆਂ ਖ਼ਿਲਾਫ਼ ਖੇਡ ਭਾਰਤੀ ਪੰਜਾਬ’ ਨੂੰ ਹੁਲਾਰਾ ਦੇਣਾ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਇਸ ਮੁਹਿੰਮ ਵਿੱਚ ‘ਖੇਡ ਭਾਰਤੀ ਪੰਜਾਬ’ ਨੂੰ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’, ‘ਜੇ.ਡੀ.ਸੀ.ਏ.’, ਅਤੇ ‘ਸਿੱਧੂ ਸਪੋਰਟਸ ਮੈਨੇਜਮੈਂਟ’ ਦਾ ਪੂਰਾ ਸਮਰਥਨ ਮਿਲ ਰਿਹਾ ਹੈ।

ਵੀਰਵਾਰ ਨੂੰ ਪਹਿਲਾ ਮੈਚ ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਅਤੇ ‘ਨਿੰਬਸ ਕਲੱਬ ਬੁੱਟਰਾਂ’ ਵਿਚਕਾਰ ਖੇਡਿਆ ਗਿਆ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀ ਟੀਮ ਨੇ 10 ਵਿਕਟਾਂ ਗੁਆ ਕੇ 158 ਸਕੋਰ ਬਣਾਏ। ਓਥੇ ‘ਨਿੰਬਸ ਕਲੱਬ ਬੁੱਟਰਾਂ’ ਦੀ ਟੀਮ ਨੇ ਸਿਰਫ਼ 5 ਵਿਕਟਾਂ ਗੁਆ ਕੇ 159 ਸਕੋਰ ਬਣਾਏ। ‘ਨਿੰਬਸ ਕਲੱਬ ਬੁੱਟਰਾਂ’ ਦੀ ਟੀਮ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਰੋਹਿਤ ਲੁਬਾਣਾ ‘ਮੈਨ ਆਫ਼ ਦ ਮੈਚ’ ਬਣੇ।

ਦੂਜਾ ਮੈਚ ਜੋ ‘ਅੰਮ੍ਰਿਤਸਰ ਕ੍ਰਿਕੇਟ ਐਸੋਸੀਏਸ਼ਨ’ ਅਤੇ ‘ਜਲੰਧਰ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਵਿਚਕਾਰ ਖੇਡਿਆ ਜਾਣਾ ਸੀ, ਲਗਾਤਾਰ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ। ਖਰਾਬ ਮੌਸਮ ਦੇ ਚਲਦੇ ਖੇਡਣ ਦੀ ਸਥਿਤੀ ਨਾ ਹੋਣ ਕਰਕੇ ਨਿਯਮਾਂ ਅਨੁਸਾਰ ਮੈਚ ਨੂੰ ਪਹਿਲਾਂ 15-15 ਓਵਰਾਂ, ਫਿਰ 6-6 ਓਵਰਾਂ ਅਤੇ ਫਿਰ ਸੁਪਰ ਓਵਰ ਵਿੱਚ ਖੇਡਣ ਦਾ ਫੈਸਲਾ ਕੀਤਾ ਗਿਆ। ਪਰ ਲਗਾਤਾਰ ਮੀਂਹ ਕਾਰਨ ਇਹ ਵੀ ਸੰਭਵ ਨਹੀਂ ਹੋ ਸਕਿਆ ਅਤੇ ਮੈਚ ਦਾ ਨਤੀਜਾ ਪ੍ਰਬੰਧਕਾਂ, ਅੰਪਾਇਰਾਂ ਅਤੇ ਦੋਵਾਂ ਟੀਮਾਂ ਦੀ ਮੌਜੂਦਗੀ ਵਿੱਚ ਟਾਸ ਦੁਆਰਾ ਕੱਢਿਆ ਗਿਆ। ਜਿਸ ਵਿੱਚ ‘ਅੰਮ੍ਰਿਤਸਰ ਕ੍ਰਿਕੇਟ ਐਸੋਸੀਏਸ਼ਨ’ ਨੇ ‘ਹੈੱਡ’ ਕਿਹਾ ਪਰ ਸਿੱਕਾ ‘ਟੇਲ’ ਨਿਕਲਿਆ ਜਿਸ ਕਾਰਨ ‘ਜਲੰਧਰ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ।

ਇਸ ਮੌਕੇ ‘ਪੀ.ਸੀ.ਏ.’ ਦੇ ਏਪੈਕਸ ਕੌਂਸਲ ਮੈਂਬਰ ਵਿਕਰਮ ਸਿੱਧੂ, ‘ਖੇਡ ਭਾਰਤੀ ਪੰਜਾਬ’ ਦੇ ਪਬਲਿਕ ਰਿਲੇਸ਼ਨ ਇੰਚਾਰਜ ਮੋਹਿਤ ਚੁੱਘ, ਮੀਡੀਆ ਮੈਨੇਜਮੈਂਟ ਇੰਚਾਰਜ ਸਾਹਿਲ ਚੋਪੜਾ, ਜ਼ਿਲ੍ਹਾ ਪ੍ਰਧਾਨ ਜਤਿਨ ਕਤਿਆਲ, ‘ਜੇ.ਡੀ.ਸੀ.ਏ.’ ਮੈਂਬਰ ਕਰਨ ਮਲਹੋਤਰਾ, ਸੰਨੀ ਸਹੋਤਾ ਸਮੇਤ ਪੰਜਾਬ ਅਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਦੱਸ ਦੇਈਏ ਕਿ 28 ਫਰਵਰੀ ਵੀਰਵਾਰ ਨੂੰ ਕੁਆਰਟਰ-ਫਾਈਨਲ ਦੇ ਦੂਜੇ ਦਿਨ ਪਹਿਲਾ ਮੈਚ ‘ਕੇ.ਜੀ.ਐਫ. ਫ੍ਰੈਂਡਜ਼ ਕਲੱਬ ਫਤਿਹਗੜ੍ਹ’ ਅਤੇ ‘ਵਰਮਾ XI ਲੁਧਿਆਣਾ’ ਦੇ ਵਿਚਕਾਰ ਖੇਡਿਆ ਜਾਵੇਗਾ। ਦੁਪਹਿਰ ਨੂੰ ਦੂਜਾ ਮੈਚ ‘ਡੀ.ਪੀ.ਐਸ. ਕ੍ਰਿਕੇਟ ਅਕੈਡਮੀ’ ਅਤੇ ‘ਰੋਪੜ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਵਿਚਕਾਰ ਖੇਡਿਆ ਜਾਵੇਗਾ।

error: Content is protected !!