NRI ਦੀ 6 ਕਰੋੜ ਦੀ ਜ਼ਮੀਨ ਤਹਿਸੀਲਦਾਰ ਨੇ ਮਿਲ ਕੇ ਵੇਚ’ਤੀ 30 ਲੱਖ ‘ਚ, ਮਾਲਕ ਨੂੰ ਪਤਾ ਹੀ ਨਹੀਂ

NRI ਦੀ 6 ਕਰੋੜ ਦੀ ਜ਼ਮੀਨ ਤਹਿਸੀਲਦਾਰ ਨੇ ਮਿਲ ਕੇ ਵੇਚ’ਤੀ 30 ਲੱਖ ‘ਚ, ਮਾਲਕ ਨੂੰ ਪਤਾ ਹੀ ਨਹੀਂ

ਵੀਓਪੀ ਬਿਊਰੋ – NRI, Punjab, news ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਲਈ ਹੁੰਦੇ ਨੇ ਸਰਕਾਰੀ ਅਧਿਕਾਰੀ ਤਾਂ ਜੋ ਹਰ ਪ੍ਰਸ਼ਾਸਨਿਕ ਕੰਮ ਕਾਜ ਆਸਾਨੀ ਨਾਲ ਹੋ ਸਕੇ। ਲੁਧਿਆਣਾ ਦੇ ਲਾਡੋਵਾਲ ਬਾਈਪਾਸ ਨੇੜੇ ਸਥਿਤ ਪਿੰਡ ਨੂਰਪੁਰ ਬੇਟ ਵਿੱਚ ਇੱਕ ਅਧਿਕਾਰੀ ਨੇ ਤਾਂ ਹੱਦ ਕਰ ਦਿੱਤੀ ਹੈ। ਇੱਥੇ ਇੱਕ ਐੱਨਆਰਆਈ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ, 6 ਕਰੋੜ ਰੁਪਏ ਦੀ ਜ਼ਮੀਨ 30 ਲੱਖ ਰੁਪਏ ਵਿੱਚ ਵੇਚ ਦਿੱਤੀ ਗਈ।

ਵਿਜੀਲੈਂਸ ਨੇ ਇਸ ਮਾਮਲੇ ਵਿੱਚ ਤਹਿਸੀਲਦਾਰ ਸਮੇਤ ਨੌਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਟੀਮ ਨੇ ਫਰਜ਼ੀ ਰਜਿਸਟਰੀ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿਣ ਵਾਲੇ ਐੱਨਆਰਆਈ ਦੀਪ ਸਿੰਘ ਕੋਲ ਲਾਡੋਵਾਲ ਬਾਈਪਾਸ ਨੇੜੇ ਪਿੰਡ ਨੂਰਪੁਰ ਬੇਟ ਕੋਲ 14 ਕਨਾਲ ਜ਼ਮੀਨ ਹੈ, ਜਿਸਦੀ ਬਾਜ਼ਾਰ ‘ਚ ਕੀਮਤ 6 ਕਰੋੜ ਰੁਪਏ ਹੈ। ਵਿਜੀਲੈਂਸ ਕੋਲ ਇੱਕ ਸ਼ਿਕਾਇਤ ਪਹੁੰਚੀ ਕਿ ਮੁਲਜ਼ਮ ਨੇ ਉਕਤ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਅਤੇ ਇਸਨੂੰ ਕਿਸੇ ਹੋਰ ਵਿਅਕਤੀ ਨੂੰ ਦੀਪ ਸਿੰਘ ਕਹਿ ਕੇ ਪੇਸ਼ ਕੀਤਾ ਸੀ ਅਤੇ ਇਸਦੀ ਰਜਿਸਟਰੀ ਕਰਵਾਈ ਸੀ।


ਐੱਸਐੱਸਪੀ ਨੇ ਦੱਸਿਆ ਕਿ 21 ਫਰਵਰੀ ਨੂੰ ਸਬ-ਰਜਿਸਟਰਾਰ ਦਫ਼ਤਰ, ਤਹਿਸੀਲ ਪੱਛਮੀ, ਲੁਧਿਆਣਾ ਵਿਖੇ ਅਚਾਨਕ ਜਾਂਚ ਕੀਤੀ ਗਈ। ਇਹ ਖੁਲਾਸਾ ਹੋਇਆ ਕਿ 11 ਫਰਵਰੀ ਨੂੰ ਪੰਚਕੂਲਾ ਦੇ ਵੇਚਣ ਵਾਲੇ ਦੀਪ ਸਿੰਘ ਅਤੇ ਖਰੀਦਦਾਰ ਦੀਪਕ ਗੋਇਲ ਵਿਚਕਾਰ 30 ਲੱਖ ਰੁਪਏ ਵਿੱਚ ਇੱਕ ਵਿਕਰੀ ਸਮਝੌਤਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਦੀਪ ਸਿੰਘ ਵਜੋਂ ਪੇਸ਼ ਕਰਦਾ ਹੈ, ਜਿਸਨੇ ਤਹਿਸੀਲ ਦਫ਼ਤਰ ਵਿੱਚ ਪੇਸ਼ ਹੋ ਕੇ ਜ਼ਮੀਨ ਦੀ ਰਜਿਸਟਰੀ ਕਰਵਾਈ, ਜਦੋਂ ਕਿ ਅਸਲ ਮਾਲਕ ਦੀਪ ਸਿੰਘ ਅਮਰੀਕਾ ਵਿੱਚ ਹੈ।

ਜਾਂਚ ਦੌਰਾਨ, ਵਿਜੀਲੈਂਸ ਵਿਭਾਗ ਨੂੰ ਪਤਾ ਲੱਗਾ ਕਿ ਅਸਲ ਮਾਲਕ ਦੀਪ ਸਿੰਘ 55 ਸਾਲ ਦਾ ਹੈ ਅਤੇ ਆਪਣੇ ਜਨਮ ਤੋਂ ਹੀ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਿਹਾ ਹੈ, ਜਦੋਂ ਕਿ ਜਾਅਲੀ ਰਜਿਸਟ੍ਰੇਸ਼ਨ ਕਰਵਾਉਣ ਵਾਲਾ ਵਿਅਕਤੀ 39 ਸਾਲ ਦਾ ਹੈ। ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਬੂਤਾਂ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ 27 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸਦੀ ਜਾਂਚ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਨੂੰ ਸੌਂਪ ਦਿੱਤੀ ਗਈ ਹੈ। ਐਸਐਸਪੀ ਵਿਜੀਲੈਂਸ ਨੇ ਦੱਸਿਆ ਕਿ ਐਡਵੋਕੇਟ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸਨੇ ਗਵਾਹ ਵਜੋਂ ਦਸਤਖ਼ਤ ਕੀਤੇ ਹਨ ਅਤੇ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

error: Content is protected !!