ਸਿੰਘ ਸਾਹਿਬਾਨ ਦੀ ਬਹਾਲੀ ਤਕ ਸਾਡਾ ਸੰਘਰਸ਼ ਜਾਰੀ ਰਹੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ 

ਤਖ਼ਤ ਸਾਹਿਬਾਨ ਦੀ ਮਾਣ ਮਰਿਆਦਾ ਬਹਾਲੀ ਲਈ ਰੋਸ ਧਰਨੇ ’ਚ ਸ਼ਾਮਿਲ ਹੋਣ ਵਾਲਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਕੀਤਾ

ਅੰਮ੍ਰਿਤਸਰ (ਵੀਓਪੀ ਬਿਊਰੋ ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਸਮਾਜ ਵੱਲੋਂ ਤਖ਼ਤਾਂ ਦੀ ਮਾਣ ਮਰਿਆਦਾ ਅਤੇ ਤਿੰਨ ਸਿੰਘ ਸਾਹਿਬਾਨ ਦੀ ਬਹਾਲੀ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਅਨੇਕਾਂ ਰੋਕਾਂ ਦੇ ਬਾਵਜੂਦ ਬੜੀ ਜੋਸ਼ੋ ਖਰੋਸ਼ ਨਾਲ ਹਾਜ਼ਰੀ ਭਰ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸਿੱਖ ਸੰਗਤਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਫੈਡਰੇਸ਼ਨਾਂ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਸੇਵਾ ਪੰਥੀ, ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਦੇ ਨੁਮਾਇੰਦੇ ਤੇ ਮਹਾਂਪੁਰਖ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕੀਤਾ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸੰਤ ਸਮਾਜ ਦੇ ਕਦਮ ਪ੍ਰਤੀ ਸੰਗਤ ਵਿੱਚ ਭਰਮ ਭੁਲੇਖੇ ਪੈਦਾ ਕਰਨ ਲਈ ਕੁਝ ਰਾਜਸੀ ਲੋਕਾਂ ਵੱਲੋਂ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਬੜੀਆਂ ਅਫ਼ਵਾਹਾਂ ਵੀ ਫੈਲਾਈਆਂ ਗਈਆਂ ਪਰ ਇਸਦੇ ਬਾਵਜੂਦ ਵੀ ਸੰਗਤਾਂ ਨੇ ਬਹੁਤ ਵੱਡੇ ਇਕੱਠ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਕਰਕੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ ਹੈ।

ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਧੱਕੇ ਨਾਲ ਸੇਵਾ ਮੁਕਤ ਕੀਤੇ ਗਏ ਸਿੰਘ ਸਾਹਿਬਾਨ ਜਿੰਨਾ ਚਿਰ ਬਹਾਲ ਨਹੀਂ ਹੋ ਜਾਂਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਅਤੇ ਉਹਨਾਂ ਦੀ ਵਿਦਾਇਗੀ ਦਾ ਵਿਧੀ ਵਿਧਾਨ ਦੀ ਪੰਥ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਸਾਰੀਆਂ ਸਿੱਖ ਸੰਪਰਦਾਵਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਫੈਡਰੇਸ਼ਨਾਂ, ਪੰਥਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਅਤੇ ਵਿਦਾਇਗੀ ਦਾ ਵਿਧੀ ਵਿਧਾਨ ਬਣਾਵੇ। ਉਨ੍ਹਾਂ ਕਿਹਾ ਕਿ ਸਾਹਿਬਾਨਾਂ ਦੀ ਬਹਾਲੀ ਵਾਸਤੇ ਹੀ ਇਹ ਸਾਰਾ ਰੋਸ ਮਾਰਚ ਤੇ ਰੋਸ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ, ਪਰ ਕੁਝ ਲੋਕ ਸਾਡੇ ਇਸ ਪ੍ਰੋਗਰਾਮ ਨੂੰ ਰਾਜਨੀਤਿਕ ਰੰਗਤ ਦੇ ਕੇ ਇਸ ਪ੍ਰਤੀ ਗ਼ਲਤ ਪ੍ਰਾਪੇਗੰਡਾ ਕਰ ਰਹੇ ਹਨ।

 ਉਹਨਾਂ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਇਹ ਸਾਡਾ ਨਿਰੋਲ ਧਾਰਮਿਕ ਮਸਲਾ ਧਾਰਮਿਕ ਪ੍ਰੋਗਰਾਮ ਹੈ, ਇਸ ਨੂੰ ਰਾਜਨੀਤੀ ਦੀ ਅੱਖ ਤੋਂ ਨਾ ਵੇਖਿਆ ਜਾਵੇ।  ਅਕਾਲੀ ਦਲ ਦਾ ਅੱਜ ਗਰਾਫ਼ ਬਹੁਤ ਨੀਵੇਂ ਤਲ ’ਤੇ ਚਲੇ ਜਾਣਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਧਾਰਮਿਕ ਪ੍ਰੋਗਰਾਮਾਂ ਨੂੰ ਧਾਰਮਿਕ ਸਿਧਾਂਤ ਨੂੰ ਧਾਰਮਿਕ ਮਸਲਿਆਂ ਨੂੰ ਹਮੇਸ਼ਾ ਰਾਜਸੀ ਰੰਗਤ ਦਿੱਤੀ ਹੈ।  ਉਨ੍ਹਾਂ ਬਾਹਰੀ ਤਾਕਤਾਂ ਦੀ ਦਖ਼ਲ ਅੰਦਾਜ਼ੀ ਤੋਂ ਇਨਕਾਰ ਕਰਦਿਆਂ ਸਾਫ਼ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੌਮ ਦੀਆਂ ਭਾਵਨਾਵਾਂ ਨੂੰ ਅੱਖਾਂ ਪਰੋਖੇ ਕਰਕੇ ਰਾਜਨੀਤਿਕ ਲੋਕਾਂ ਦੇ ਦਬਾਅ ਵਿੱਚ ਹਮੇਸ਼ਾ ਮਨਮਰਜ਼ੀ ਦੇ ਫ਼ੈਸਲੇ ਲਏ ਹਨ ਜਿਸ ਤੋਂ ਕੌਮ ਬਹੁਤ ਦੁਖੀ ਹੈ। ਮੈਂ ਇਹਨਾਂ ਨੂੰ ਪੁੱਛਦਾ ਕਿ ਸਿੰਘ ਸਾਹਿਬਾਨ ਸੇਵਾ ਮੁਕਤ ਕਰਨ ਲਈ ਤੁਹਾਨੂੰ ਦਿੱਲੀ ਦੀ ਸਰਕਾਰ ਨੇ ਕਿਹਾ ਸੀ?

ਅੱਜ ਇਹ ਲੋਕ ਉਨ੍ਹਾਂ ’ਤੇ ਇਲਜ਼ਾਮ ਲਗਾ ਰਹੇ ਹਨ, ਜਿਨ੍ਹਾਂ ਨਾਲ ਇਹਨਾਂ ਦਾ 25 ਸਾਲ ਭਾਈਵਾਲੀ ਰਹੀ। ਸੈਂਟਰ ਦੀਆਂ ਵਜ਼ੀਰੀਆਂ ਮਾਣੀਆਂ ਅਤੇ ਪੰਜਾਬ ’ਚ ਮੁੱਖ ਮੰਤਰੀ ਦੀਆਂ ਪਦਵੀਆਂ ਮਾਣੀਆਂ ਅਤੇ ਸਰਕਾਰਾਂ ਹੰਢਾਈਆਂ ਹਨ। ਬੇਸ਼ੱਕ ਸੰਤ ਸਮਾਜ ਤੇ ਦਮਦਮੀ ਟਕਸਾਲ ਅਤੇ ਸਮੁੱਚਾ ਪੰਥ ਨੇ ਔਖੇ ਤੋਂ ਔਖੇ ਟਾਈਮ ’ਚ ਵੀ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਭੂਮਿਕਾ ਨਿਭਾਈ। ਅੱਜ ਇਹ ਲੋਕ ਇੰਨੇ ਗਿਰ ਚੁੱਕੇ ਹਨ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਔਰ ਧਾਰਮਿਕ ਸ਼ਖ਼ਸੀਅਤਾਂ ਉੱਤੇ ਘਟੀਆ ਸੋਚ ਨਾਲ ਅਤੇ ਬੌਖਲਾਹਟ ਵਿੱਚ ਆ ਕੇ  ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਨੂੰ ਆਪਣੇ ਗਿਰੇਬਾਨ ਚ ਝਾਤ ਮਾਰਨੀ ਚਾਹੀਦੀ ਹੈ ।

ਐਸਜੀਪੀਸੀ ਅਤੇ ਦਮਦਮੀ ਟਕਸਾਲ ਦੋਵੇਂ ਸੰਸਥਾਵਾਂ ਪੰਥ ਦੀਆਂ ਹਨ, ਬਿਲਕੁਲ ਅਸੀਂ ਆਮੋ ਸਾਹਮਣੇ ਨਹੀਂ। ਅਸੀਂ ਇੱਕ ਦੂਜੇ ਦੇ ਪੂਰਕ ਹਨ।  ਸਾਡੇ ਮੁਖੀਆਂ ਅਤੇ ਬਜ਼ੁਰਗਾਂ ਨੇ ਤਾਂ ਸ਼੍ਰੋਮਣੀ ਕਮੇਟੀ ਨੂੰ ਸਥਾਪਿਤ ਕਰਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ । ਟਕਸਾਲ ਦੇ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਅੰਗਰੇਜ਼ਾਂ ਦੇ ਟਾਈਮ ਪਿੰਡ ਪਿੰਡ ਜਾ ਕੇ ਸ਼੍ਰੋਮਣੀ ਕਮੇਟੀ ਲਈ ਪ੍ਰਚਾਰ ਕੀਤਾ।  ਸ਼੍ਰੋਮਣੀ ਕਮੇਟੀ ਪੰਥ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ ਉਹਦਾ ਪੂਰਾ ਸਤਿਕਾਰ ਕੱਲ੍ਹ ਵੀ ਅੱਜ ਵੀ ਹੈ। ਜਿਹੜਾ ਗ਼ਲਤ ਫ਼ੈਸਲਾ ਸ਼੍ਰੋਮਣੀ ਕਮੇਟੀ ਨੇ ਕੀਤਾ ਉਹਦਾ ਅਸੀਂ ਵਿਰੋਧ ਕੀਤਾ। ਪਹਿਲਾਂ ਮੈਂ ਅਪੀਲ ਕੀਤੀ ਸੀ ਇਹਨਾਂ ਦੇ ਮੁਖੀ ਬੰਦਿਆਂ ਨੂੰ ਮੈਂ ਸਮਝਾਇਆ ਲੇਕਿਨ ਜਦੋਂ ਇਹਨਾਂ ਨੇ ਸਾਡੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਔਰ ਪੰਥਕ ਭਾਵਨਾਵਾਂ ਨੂੰ ਵੀ । ਫਿਰ ਸਾਨੂੰ ਇਹ ਰਸਤਾ ਚੁਣਨਾ ਪਿਆ ।

error: Content is protected !!