ਹਰਨਾਮ ਸਿੰਘ ਧੁੰਮਾ, ਬਲਜੀਤ ਸਿੰਘ ਦਾਦੂਵਾਲ ਅਤੇ ਹਰਮੀਤ ਕਾਲਕਾ ਦਿੱਲੀ ਦੇ ਸ਼ਿੰਗਾਰੇ ਹੋਏ ਹੱਥ ਠੋਕੇ ਹਨ : ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ (ਵੀਓਪੀ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਹਰ ਸਿੱਖ ਦੇ ਦਿਲ ਵਿੱਚ ਬਹੁਤ ਉੱਚਾ ਹੈ । ਹਰ ਸੱਚਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੈ ਤੇ ਰਹੇਗਾ । ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲਗਾਈ ਗਈ ਸੀ ਉਹਨਾਂ ਨੇ ਉਹ ਸੇਵਾ ਪੂਰਾ ਸਮਰਪਣ ਭਾਵਨਾ ਨਾਲ ਨਿਭਾਈ । ਜਿਸ ਉੱਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਵੀ ਮੋਹਰ ਲਗਾਈ ਹੈ ।

 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।

 

ਉਹਨਾਂ ਅੱਗੇ ਕਿਹਾ ਕਿ ਇਸਦੇ ਨਾਲ ਹੀ ਅੱਜ ਦਾ ਦਿਨ ਇਸ ਪੱਖੋਂ ਵੀ ਅਹਿਮ ਹੈ ਕਿ ਜਿਸ ਤਰ੍ਹਾਂ ਪੰਥ ਵਿਰੋਧੀ ਤਾਕਤਾਂ ਨੇ ਆਪਣੇ ਕੁਝ ਹੱਥ ਠੋਕਿਆ ਨੂੰ ਅੱਗੇ ਲਗਾਕੇ ਸਾਡੀ ਰਵਾਇਤ ਅਤੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਕਾਰ ਨੂੰ ਢਾਹ ਲਗਾਉਣ ਦਾ ਯਤਨ ਕੀਤਾ ਉਹਨਾਂ ਨੂੰ ਵੀ ਸਮੁੱਚੇ ਪੰਥ ਨੇ ਨਕਾਰਦੇ ਹੋਏ ਪੰਥ ਵਿਰੋਧੀ ਤਾਕਤਾਂ ਤੇ ਉਹਨਾਂ ਦੇ ਹੱਥਾਂ ਵਿੱਚ ਖੇਡਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ ।

 

ਸਰਨਾ ਨੇ ਅੱਗੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੇ ਦਮਦਮੀ ਟਕਸਾਲ ਦੇ ਨਾਮ ਤੇ ਕੌਮ ਅੰਦਰ ਇਸਦੇ ਸਤਿਕਾਰ ਦੀ ਪ੍ਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਦੀ ਸਰਗਰਮੀ ਸਿੰਘ ਸਾਹਿਬਾਨਾਂ ਨੂੰ ਦੀ ਨਿਯੁਕਤੀ ਨੂੰ ਬਹਾਨਾ ਬਣਾਕੇ ਬਿਗਾਨੀਆਂ ਤਾਕਤਾਂ ਦੇ ਇਸ਼ਾਰਿਆਂ ਦੇ ਸ਼ੁਰੂ ਕੀਤੀ ਹੋਈ ਸੀ । ਉਸਨੂੰ ਅੱਜ ਦੂਸਰੀ ਵਾਰ ਸਿੱਖ ਪੰਥ ਨੇ ਰੱਦ ਕਰਦੇ ਹੋਏ ਪੰਥ ਤੇ ਇਸ ਲੁਕਵੇਂ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ । ਇਸਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸੇ ਬਹਾਨੇ ਸੱਦੇ ਇਕੱਠ ਵਿੱਚ ਨਾ ਦੋ ਸੌ ਬੰਦਾ ਇਕੱਠਿਆਂ ਹੋ ਸਕਿਆ ਸੀ ਤੇ ਨਾ ਹੀ ਹੁਣ ਪੂਰੇ ਪੰਜਾਬ ਵਿੱਚ ਇਸ਼ਤਿਹਾਰ ਲਗਾਉਣ ਦੇ ਬਾਵਜੂਦ ਦੋ ਸੌ ਬੰਦਾ ਬਾਬਾ ਹਰਨਾਮ ਸਿੰਘ ਤੇ ਉਹਨਾਂ ਦੇ ਸਾਥੀ ਇਕੱਠਾ ਕਰ ਸਕੇ ।

 

ਇਸ ਇਕੱਠ ਵਿੱਚ ਬਲਜੀਤ ਸਿੰਘ ਦਾਦੂਵਾਲ ਜਿਸਨੂੰ ਹਰਿਆਣਾ ਦੀ ਸੰਗਤ ਕੁਝ ਸਮਾਂ ਪਹਿਲਾਂ ਹੀ ਬੁਰੀ ਤਰਾਂ ਨਾਕਾਰ ਤੇ ਹਟੀ ਹੈ ਤੇ ਹਰਮੀਤ ਸਿੰਘ ਕਾਲਕਾ ਜੋ ਪਿਛਲੇ ਸਾਢੇ ਤਿੰਨ ਸਾਲ ਤੋਂ ਸਰਕਾਰੀ ਸਰਪ੍ਰਸਤੀ ਨਾਲ ਦਿੱਲੀ ਕਮੇਟੀ ਦੀ ਚੋਣ ਰੋਕ ਕੇ ਬੈਠਾ ਹੈ । ਉਹਨਾਂ ਵਰਗੇ ਹੀ ਕੌਮ ਦੇ ਨਕਾਰੇ ਤੇ ਦਿੱਲੀ ਦੇ ਸ਼ਿੰਗਾਰੇ ਹੋਏ ਹੱਥ ਠੋਕੇ ਹੀ ਇਕੱਠੇ ਹੋਏ ਸਨ । ਪਰ ਸਮੁੱਚੀ ਸਿੱਖ ਕੌਮ ਇਹਨਾਂ ਸਾਰਿਆਂ ਦਾ ਕਿਰਦਾਰ ਪਛਾਣਦੀ ਹੈ । ਇਸ ਲਈ ਅੱਜ ਦੂਜੀ ਵਾਰ ਕੌਮ ਨੇ ਇਹਨਾਂ ਦੀ ਪੰਥ ਵਿੱਚ ਫੁੱਟ ਪਾ ਕੇ ਪੰਥ ਵਿਰੋਧੀ ਤਾਕਤਾਂ ਨੂੰ ਲਾਭ ਪਹਿਚਾਉਣ ਦੀ ਨੀਤੀ ਨੂੰ ਕਰਾਰੀ ਹਾਰ ਦਿੱਤੀ ਹੈ ।

 

ਮੈਂ ਉਹਨਾਂ ਸਮੂਹ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨਾਨਕਸਰ ਵਾਲੇ , ਸਮੂਹ ਟਕਸਾਲਾਂ ਵਾਲੇ , ਸਮੂਹ ਨਿਹੰਗ ਸਿੰਘ ਜਥੇਬੰਦੀਆਂ , ਦਲਾਂ ਤੇ ਪੰਥਕ ਸਖਸ਼ੀਅਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਤੇ ਉਸਦੇ ਸਾਥੀਆਂ ਦੀ ਨੀਅਤ ਤੇ ਨੀਤੀ ਨੂੰ ਸਮਝਦੇ ਹੋਏ ਦਿੱਲੀ ਨਾਲ ਖੜਨ ਦੀ ਬਜਾਏ ਅੱਜ ਪੰਥ ਨਾਲ ਖੜਦੇ ਹੋਏ ਇਸ ਇਕੱਠ ਵਿੱਚ ਸ਼ਾਮਲ ਨਾ ਹੋਕੇ ਪੰਥਕ ਏਕੇ ਦਾ ਸਬੂਤ ਦਿੱਤਾ ਹੈ। ਉਹਨਾਂ ਦਾ ਇਹ ਯੋਗਦਾਨ ਸਦਾ ਸਦਾ ਰਹੇਗਾ । ਪਰ ਇਸ ਇਕੱਠ ਨੇ ਸਿੱਖ ਕੌਮ ਅੰਦਰ ਭਾਜਪਾ ਦੇ ਹੱਥ ਠੋਕਿਆਂ ਦੀ ਪਹਿਚਾਣ ਜ਼ਰੂਰ ਸਮੁੱਚੀ ਕੌਮ ਨੂੰ ਕਰਵਾ ਦਿੱਤੀ ਹੈ ।

 

error: Content is protected !!