Trump ਦੇ ਫੈਸਲਿਆਂ ਨੇ ਹਿਲਾਈ ਦੁਨੀਆ, ਵਿਰੋਧ ‘ਚ ਇਕੱਠੇ ਹੋ ਗਏ ਲੱਖਾਂ ਲੋਕ

Trump ਦੇ ਫੈਸਲਿਆਂ ਨੇ ਹਿਲਾਈ ਦੁਨੀਆ, ਵਿਰੋਧ ‘ਚ ਇਕੱਠੇ ਹੋ ਗਏ ਲੱਖਾਂ ਲੋਕ

ਵਾਸ਼ਿੰਗਟਨ (ਵੀਓਪੀ ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲੋਨ ਮਸਕ ਵਿਰੁਧ ਸਨਿਚਰਵਾਰ ਨੂੰ ਸਾਰੇ 50 ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਪੂਰੇ ਅਮਰੀਕਾ ਵਿਚ ਟਰੰਪ, ਐਲੋਨ ਮਸਕ ਅਤੇ ਸਟੈਚੂ ਆਫ਼ ਲਿਬਰਟੀ ਦੇ ਪੁਤਲੇ ਬਣਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਸੀਐਨਐਨ ਦੀ ਰੀਪੋਰਟ ਅਨੁਸਾਰ, ਦੇਸ਼ ਭਰ ਵਿਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ 6 ਲੱਖ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਸੀ। ਪ੍ਰਦਰਸ਼ਨਕਾਰੀ ਨੌਕਰੀਆਂ ਵਿਚ ਕਟੌਤੀ, ਆਰਥਕਿਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੂੰ ‘ਹੈਂਡਸ ਆਫ਼’ ਦਾ ਨਾਮ ਦਿਤਾ ਗਿਆ ਹੈ। ਜਿਸ ਦਾ ਮਤਲਬ ਹੈ ‘ਸਾਡੇ ਹੱਕਾਂ ਤੋਂ ਦੂਰ ਰਹੋ।‘ ਇਸ ਨਾਅਰੇ ਦਾ ਉਦੇਸ਼ ਇਹ ਦਰਸਾਉਣਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਅਧਿਕਾਰਾਂ ਨੂੰ ਕੰਟਰੋਲ ਕਰੇ।

ਇਸ ਵਿਰੋਧ ਪ੍ਰਦਰਸ਼ਨ ਵਿਚ 150 ਤੋਂ ਵੱਧ ਸੰਗਠਨਾਂ ਨੇ ਹਿੱਸਾ ਲਿਆ। ਇਸ ਵਿਚ ਨਾਗਰਿਕ ਅਧਿਕਾਰ ਸੰਗਠਨ, ਮਜ਼ਦੂਰ ਯੂਨੀਅਨਾਂ, ਐਲ.ਜੀ.ਬੀ.ਟੀ.ਕਿਊ.+ ਵਲੰਟੀਅਰ, ਸਾਬਕਾ ਸੈਨਿਕ ਅਤੇ ਚੋਣ ਕਰਮਚਾਰੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਸਟੈਚੂ ਆਫ਼ ਲਿਬਰਟੀ ਦੇ ਰੂਪ ਵਿਚ ਅਪਣੇ ਮੂੰਹ ’ਤੇ ਪ੍ਰਤੀਕਾਤਮਕ ਪੱਟੀ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਜਾਣਕਾਰੀ ਅਨੁਸਾਰ ਐਲੋਨ ਮਸਕ ਅਮਰੀਕਾ ਦੀ ਟਰੰਪ ਸਰਕਾਰ ਵਿਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰੀ ਮਸ਼ੀਨਰੀ ਨੂੰ ਘਟਾਉਣ ਨਾਲ ਟੈਕਸ ਦਾਤਾਵਾਂ ਦੇ ਅਰਬਾਂ ਡਾਲਰ ਬਚਣਗੇ। ਇਸ ਦੇ ਨਾਲ ਹੀ, ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਸਮਾਜਕ ਸੁਰੱਖਿਆ ਅਤੇ ਮੈਡੀਕੇਅਰ ਯੋਜਨਾਵਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ ਪਰ ਡੈਮੋਕ੍ਰੇਟ ਇਨ੍ਹਾਂ ਯੋਜਨਾਵਾਂ ਦੇ ਲਾਭ ਗ਼ੈਰ-ਕਾਨੂੰਨੀ ਪ੍ਰਵਾਸੀਆਂ ਤਕ ਪਹੁੰਚਾਉਣਾ ਚਾਹੁੰਦੇ ਹਨ।

error: Content is protected !!