ਮਾਸਕੋ ’ਚ ਬਲਾਸਟ, ਪੁਤਿਨ ਦੇ ਜਨਰਲ ਦੀ ਬੰਬ ਧਮਾਕੇ ’ਚ ਮੌਤ

ਮਾਸਕੋ ’ਚ ਬਲਾਸਟ, ਪੁਤਿਨ ਦੇ ਜਨਰਲ ਦੀ ਬੰਬ ਧਮਾਕੇ ’ਚ ਮੌਤ

ਮਾਸਕੋ (ਵੀਓਪੀ ਬਿਊਰੋ) ਰੂਸ ਦੀ ਰਾਜਧਾਨੀ ਮਾਸਕੋ ’ਚ ਇਕ ਕਾਰ ’ਚ ਧਮਾਕਾ ਹੋਇਆ ਹੈ। ਇਸ ਧਮਾਕੇ ’ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਜਨਰਲ ਦੀ ਮੌਤ ਹੋਣ ਦੀ ਖ਼ਬਰ ਹੈ। 59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਕਾਰ ਵਿਚ ਧਮਾਕਾ ਹੋਣ ਕਾਰਨ ਕਾਰ ਹਵਾ ’ਚ ਕਈ ਮੀਟਰ ਉੱਡ ਗਈ। ਧਮਾਕੇ ਤੋਂ ਬਾਅਦ ਮੌਕੇ ’ਤੇ ਆਈਈ.ਡੀ. ਦੀ ਵਰਤੋਂ ਦੇ ਸਬੂਤ ਮਿਲੇ ਹਨ।

ਰੂਸੀ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕਾਂ ’ਚ 300 ਗ੍ਰਾਮ ਤੋਂ ਵੱਧ ਟੀਐਨਟੀ ਦੇ ਬਰਾਬਰ ਸ਼ਕਤੀ ਸੀ। ਧਮਾਕੇ ’ਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਰੂਸੀ ਮੀਡੀਆ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਕਈ ਹੋਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੈ। ਮੋਸਕਾਲਿਕ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਚੀਫ਼ ਸਨ।

ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਨੇ ਕੀਤਾ। ਸਥਾਨਕ ਲੋਕਾਂ ਨੇ ਦਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਇਹ ਘਾਤਕ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਕੁੱਝ ਦਿਨ ਬਾਅਦ ਹੋਇਆ ਹੈ। ਵਿਟਕੌਫ ਯੂਕਰੇਨ ਜੰਗ ਨੂੰ ਖਤਮ ਕਰਨ ਲਈ ਰੂਸ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਮਾਸਕੋ ’ਚ ਹੈ।

————–

ਟਰੰਪ ਨੇ ਯੂਕਰੇਨ ਤੇ ਰੂਸ ਨਾਲ ਉੱਚ-ਪਧਰੀ ਗੱਲਬਾਤ ਦਾ ਸੱਦਾ ਦਿਤਾ

ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਯੂਕਰੇਨ ਅਤੇ ਰੂਸ ਨੂੰ ‘ਬਹੁਤ ਉੱਚ-ਪਧਰੀ ਗੱਲਬਾਤ’ ਲਈ ਮਿਲਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਅਪਣੇ ਤਿੰਨ ਸਾਲ ਤੋਂ ਜਾਰੀ ਯੁੱਧ ਨੂੰ ਖ਼ਤਮ ਕਰਨ ਲਈ ਇਕ ਸਮਝੌਤੇ ’ਤੇ ਪਹੁੰਚਣ ਦੇ ਬਹੁਤ ਨੇੜੇ ਹਨ। ਪੋਪ ਫ਼ਰਾਂਸਿਸ ਦੇ ਅੰਤਮ ਸਸਕਾਰ ਲਈ ਰੋਮ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, ਟਰੰਪ ਨੇ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਰਾਹੀਂ ਕਿਹਾ ਕਿ ਇਹ ‘ਰੂਸ ਅਤੇ ਯੂਕਰੇਨ ਨਾਲ ਗੱਲਬਾਤ ਅਤੇ ਮੀਟਿੰਗਾਂ ਦਾ ਇੱਕ ਚੰਗਾ ਦਿਨ ਸੀ।’

ਉਨ੍ਹਾਂ ਦੇ ਰਾਜਦੂਤ, ਸਟੀਵ ਵਿਟਕੌਫ਼ ਸ਼ੁਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਗਏ। ਟਰੰਪ ਨੇ ਲਿਖਿਆ,‘‘ਉਹ ਇੱਕ ਸਮਝੌਤੇ ਦੇ ਬਹੁਤ ਨੇੜੇ ਹਨ ਅਤੇ ਦੋਵਾਂ ਧਿਰਾਂ ਨੂੰ ਹੁਣ ਇਸ ਨੂੰ ਪੂਰਾ ਕਰਨ ਲਈ ਬਹੁਤ ਉੱਚ ਪੱਧਰ ’ਤੇ ਮਿਲਣਾ ਚਾਹੀਦਾ ਹੈ। ਜ਼ਿਆਦਾਤਰ ਮੁੱਖ ਨੁਕਤਿਆਂ ’ਤੇ ਸਹਿਮਤੀ ਬਣ ਗਈ ਹੈ। ਹੁਣ ਖ਼ੂਨ-ਖ਼ਰਾਬਾ ਬੰਦ ਕਰੋ।’’

ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਸ਼ੁਕਰਵਾਰ ਨੂੰ ਪ੍ਰਕਾਸ਼ਤ ਇਕ ਇੰਟਰਵਿਊ ਵਿਚ ਕਿਹਾ ਸੀ ਕਿ ‘ਕਰੀਮੀਆ ਰੂਸ ਦੇ ਨਾਲ ਰਹੇਗਾ।’ ਟਰੰਪ ਜ਼ੇਲੇਂਸਕੀ ’ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦਾ ਵਿਰੋਧ ਕਰ ਕੇ ਯੁੱਧ ਨੂੰ ਲੰਮਾ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਕਰੀਮੀਆ ਕਾਲੇ ਸਾਗਰ ਦੇ ਨਾਲ ਦੱਖਣੀ ਯੂਕਰੇਨ ਵਿਚ ਇੱਕ ਰਣਨੀਤਕ ਟਾਪੂ ਹੈ। ਰੂਸ ਨੇ 2014 ਵਿਚ ਇਸ ’ਤੇ ਕਬਜ਼ਾ ਕਰ ਲਿਆ ਸੀ ਜਦੋਂ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸਨ।

error: Content is protected !!