ਰੋਟੀ ਨਾਲੋਂ ਸਸਤੀ ਮੌਤ, ਖਾਣਾ ਲੈਣ ਕਤਾਰ ‘ਚ ਲੱਗੇ 31 ਲੋਕਾਂ ਨੂੰ ਗੋਲ਼ੀਆਂ ਮਾਰ ਕੇ ਮਾਰਿਆ

ਗਾਜ਼ਾ ’ਚ ਰੋਟੀ ਨਾਲੋਂ ਸਸਤੀ ਹੋਈ ਮੌਤ, 31 ਫ਼ਲਸਤੀਨੀਆਂ ਨੂੰ ਗੋਲ਼ੀਆਂ ਮਾਰ ਕੇ ਮਾਰਿਆ

ਰਫ਼ਾਹ/ਗਾਜ਼ਾ ਪੱਟੀ (ਵੀਓਪੀ ਬਿਊਰੋ) ਗਾਜ਼ਾ ਪੱਟੀ ਵਿਚ ਭੋਜਨ ਸਮੱਗਰੀ ਲੈਣ ਲਈ ਇੱਕ ਰਾਹਤ ਕੇਂਦਰ ਵਲ ਜਾ ਰਹੇ ਘਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਅਤੇ ਕਈ ਚਸ਼ਮਦੀਦਾਂ ਨੇ ਦਿਤੀ। ਪ੍ਰਤੱਖਦਰਸ਼ੀਆਂ ਨੇ ਦਸਿਆ ਕਿ ਇਜ਼ਰਾਈਲੀ ਬਲਾਂ ਨੇ ਇਜ਼ਰਾਈਲ-ਸਮਰਥਤ ਸੰਗਠਨ ਦੁਆਰਾ ਚਲਾਏ ਜਾ ਰਹੇ ਸਹਾਇਤਾ ਕੇਂਦਰ ਤੋਂ ਲਗਭਗ ਇੱਕ ਕਿਲੋਮੀਟਰ (1,000 ਗਜ਼) ਦੂਰ ਭੀੜ ’ਤੇ ਗੋਲੀਬਾਰੀ ਕੀਤੀ।

ਫ਼ੌਜ ਨੇ ਇਕ ਸੰਖੇਪ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੂੰ ‘ਮਨੁੱਖੀ ਸਹਾਇਤਾ ਵੰਡ ਕੇਂਦਰ ਦੇ ਅੰਦਰ (ਇਜ਼ਰਾਈਲੀ ਫ਼ੌਜ) ਗੋਲੀਬਾਰੀ ਕਾਰਨ ਹੋਏ ਕਿਸੇ ਵੀ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ। ਇਸ ਮਾਮਲੇ ਦੀ ਇਸ ਵੇਲੇ ਸਮੀਖਿਆ ਕੀਤੀ ਜਾ ਰਹੀ ਹੈ।’’ ਗਾਜ਼ਾ ਹਿਊਮੈਨਟੇਰੀਅਨ ਫ਼ਾਊਂਡੇਸ਼ਨ ਵਲੋਂ ਸਹਾਇਤਾ ਸਮੱਗਰੀ ਵੰਡਣ ਨਾਲ ਹਫੜਾ-ਦਫੜੀ ਮਚ ਗਈ ਹੈ। ਕਈ ਪ੍ਰਤੱਖਦਰਸ਼ੀਆਂ ਨੇ ਦਸਿਆ ਕਿ ਇਜ਼ਰਾਈਲੀ ਸੈਨਿਕਾਂ ਨੇ ਸਹਾਇਤਾ ਵੰਡ ਕੇਂਦਰਾਂ ਨੇੜੇ ਭੀੜ ’ਤੇ ਗੋਲੀਬਾਰੀ ਕੀਤੀ।

ਸਥਾਨਕ ਸਿਹਤ ਅਧਿਕਾਰੀਆਂ ਦੇ ਅਨੁਸਾਰ, ਐਤਵਾਰ ਤੋਂ ਪਹਿਲਾਂ ਘਟੋ-ਘੱਟ ਛੇ ਲੋਕ ਮਾਰੇ ਗਏ ਸਨ ਅਤੇ 50 ਤੋਂ ਵੱਧ ਜ਼ਖ਼ਮੀ ਹੋਏ ਸਨ। ਫ਼ਾਊਂਡੇਸ਼ਨ ਦਾ ਕਹਿਣਾ ਹੈ ਕਿ ਉਸ ਦੇ ਕੇਂਦਰਾਂ ਦੀ ਰਾਖੀ ਕਰ ਰਹੇ ਨਿਜੀ ਸੁਰੱਖਿਆ ਗਾਰਡਾਂ ਨੇ ਭੀੜ ’ਤੇ ਗੋਲੀਬਾਰੀ ਨਹੀਂ ਕੀਤੀ, ਜਦੋਂ ਕਿ ਇਜ਼ਰਾਈਲੀ ਫ਼ੌਜ ਨੇ ਚੇਤਾਵਨੀ ਵਾਲੀਆਂ ਗੋਲੀਆਂ ਚਲਾਉਣ ਦੀ ਗੱਲ ਮੰਨੀ ਹੈ। ਫ਼ਾਊਂਡੇਸ਼ਨ ਨੇ ਪਹਿਲਾਂ ਦਿਤੇ ਇਕ ਬਿਆਨ ਵਿਚ ਕਿਹਾ ਸੀ ਕਿ ਐਤਵਾਰ ਸਵੇਰੇ 16 ਟਰੱਕ ਸਹਾਇਤਾ ਵੰਡੀ ਗਈ ਸੀ ਅਤੇ ਡਿਲੀਵਰੀ ਦੌਰਾਨ ਕੋਈ ਘਟਨਾ ਨਹੀਂ ਵਾਪਰੀ ਪਰ ਗਾਜ਼ਾ ਸਿਹਤ ਮੰਤਰਾਲੇ ਨੇ ਕਿਹਾ ਕਿ 31 ਲੋਕ ਮਾਰੇ ਗਏ ਅਤੇ 170 ਹੋਰ ਜ਼ਖ਼ਮੀ ਹੋਏ।

ਕੁਝ ਘੰਟੇ ਪਹਿਲਾਂ, ਰੈੱਡ ਕਰਾਸ ਦੁਆਰਾ ਚਲਾਏ ਜਾ ਰਹੇ ਇੱਕ ਹਸਪਤਾਲ ਦੇ ਅਧਿਕਾਰੀਆਂ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਐਤਵਾਰ ਨੂੰ ਗਾਜ਼ਾ ਪੱਟੀ ਵਿਚ ਇਕ ਇਜ਼ਰਾਈਲ-ਸਮਰਥਤ ਸਮੂਹ ਤੋਂ ਸਹਾਇਤਾ ਸਮੱਗਰੀ ਪ੍ਰਾਪਤ ਕਰਨ ਜਾ ਰਹੇ ਘਟੋ-ਘੱਟ 21 ਫ਼ਲਸਤੀਨੀ ਮਾਰੇ ਗਏ ਅਤੇ 175 ਹੋਰ ਜ਼ਖ਼ਮੀ ਹੋ ਗਏ। ਐਸੋਸੀਏਟਿਡ ਪ੍ਰੈੱਸ (ਏਪੀ) ਦੇ ਇਕ ਪੱਤਰਕਾਰ ਨੇ ਦਰਜਨਾਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਇਲਾਜ ਅਧੀਨ ਦੇਖਿਆ।

ਅਮਰ ਅਬੂ ਤਾਇਬਾ, ਜੋ ਭੀੜ ਦਾ ਹਿੱਸਾ ਸੀ, ਨੇ ਕਿਹਾ ਕਿ,‘‘ਇਜ਼ਰਾਈਲੀ ਫ਼ੌਜਾਂ ਨੇ ਸਵੇਰੇ 3 ਵਜੇ ਦੇ ਕਰੀਬ ਗੋਲੀਬਾਰੀ ਕੀਤੀ ਜਦੋਂ ਭੀੜ ਲਗਭਗ ਇਕ ਕਿਲੋਮੀਟਰ (1,000 ਗਜ਼) ਦੂਰ ਸੀ। ਉਨ੍ਹਾਂ ਕਿਹਾ,‘‘ਹਰ ਪਾਸਿਉਂ ਗੋਲੀਬਾਰੀ ਹੋ ਰਹੀ ਸੀ, ਜਲ ਸੈਨਾ ਦੇ ਜੰਗੀ ਜਹਾਜ਼ਾਂ, ਟੈਂਕਾਂ ਅਤੇ ਡਰੋਨਾਂ ਤੋਂ ਗੋਲੀਬਾਰੀ ਹੋ ਰਹੀ ਸੀ।’’ ਮੁਹੰਮਦ ਅਬੂ ਤੇਮਾ (33) ਨੇ ਕਿਹਾ ਕਿ ਉਸ ਨੇ ਇਜ਼ਰਾਈਲੀ ਫ਼ੌਜਾਂ ਨੂੰ ਸਹਾਇਤਾ ਵੰਡ ਕੇਂਦਰ ਵਲ ਜਾ ਰਹੇ ਲੋਕਾਂ ’ਤੇ ਗੋਲੀਬਾਰੀ ਕਰਦੇ ਦੇਖਿਆ, ਜਿਸ ਵਿਚ ਉਸ ਦੀ ਚਚੇਰੀ ਭੈਣ ਅਤੇ ਇਕ ਹੋਰ ਔਰਤ ਦੀ ਮੌਤ ਹੋ ਗਈ।

error: Content is protected !!