Skip to content
Thursday, June 26, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
26
ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖਿਆ ‘ਵੀਰ ਬੰਦਾ ਬੈਰਾਗੀ’, ਸਿੱਖ ਸੰਗਤ ‘ਚ ਗੁੱਸਾ, ਕਿਹਾ- ਹਿੰਦੂਕਰਨ ਹੋ ਰਿਹਾ
Haryana
Latest News
National
Politics
Punjab
ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖਿਆ ‘ਵੀਰ ਬੰਦਾ ਬੈਰਾਗੀ’, ਸਿੱਖ ਸੰਗਤ ‘ਚ ਗੁੱਸਾ, ਕਿਹਾ- ਹਿੰਦੂਕਰਨ ਹੋ ਰਿਹਾ
June 26, 2025
VOP TV
ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖਿਆ ‘ਵੀਰ ਬੰਦਾ ਬੈਰਾਗੀ’, ਸਿੱਖ ਸੰਗਤ ‘ਚ ਗੁੱਸਾ, ਕਿਹਾ- ਹਿੰਦੂਕਰਨ ਹੋ ਰਿਹਾ
ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਰੀ ਕੀਤੇ ਇਸ਼ਤਿਹਾਰ ਵਿਚ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਲਿਖਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਜਿਥੇ ਸਿੱਖ ਸਿਧਾਂਤਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਸ਼ਹਾਦਤ ਦਾ ਅਪਮਾਨ ਹੈ, ਉਥੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਵੀ ਡੂੰਘੀ ਸੱਟ ਹੈ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਮੁਗ਼ਲ ਸਾਮਰਾਜ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਵਿਚ ਸਿੱਖਾਂ ਨੇ ਜ਼ੁਲਮੀ ਹਕੂਮਤ ਦੀਆਂ ਜੜ੍ਹਾਂ ਪੁਟਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਜਗੀਰਦਾਰੀ ਪ੍ਰਥਾ ਨੂੰ ਖ਼ਤਮ ਕਰ ਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ, ਜੋ ਸਮਾਜਕ ਬਰਾਬਰੀ ਦੀ ਇਕ ਵੱਡੀ ਮਿਸਾਲ ਸਨ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਬਾਣਾ ਤਿਆਗ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੇ ਸਨ ਅਤੇ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਕਹਿਣਾ ਇਤਿਹਾਸਕ ਸਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਅਜਿਹਾ ਸਾਜ਼ਿਸ਼ ਤਹਿਤ ਸਿੱਖਾਂ ਦੀ ਮੌਲਿਕਤਾ ਅਤੇ ਅੱਡਰੀ ਪਛਾਣ ਨੂੰ ਖੰਡਤ ਕਰਨ ਲਈ ਜਾਣਬੁਝ ਕੇ ਕੀਤਾ ਜਾ ਰਿਹਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਇਹ ਹਰਕਤ ਸਿੱਖ ਇਤਿਹਾਸ ਦੀ ਗ਼ਲਤ ਵਿਆਖਿਆ ਕਰਨ ਵਾਲੀ ਅਤੇ ਸਿੱਖ ਸ਼ਹੀਦਾਂ ਦਾ ਵੱਡਾ ਅਪਮਾਨ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕਰੇ।
ਇਸੇ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਸਿੱਖ ਰਾਜ ਦੀ ਸਥਾਪਨਾ ਦੇ ਮੋਢੀ ਤੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹੁੰਦਿਆਂ ਅੱਜ ਅਖ਼ਬਾਰਾਂ ਨੂੰ ਜਾਰੀ ਕੀਤੇ ਇਸ਼ਤਿਹਾਰ ਵਿਚ ਉਨ੍ਹਾਂ ਨੂੰ ‘ਵੀਰ ਬੰਦਾ ਬੈਰਾਗੀ’ ਲਿਖਣਾ ਭਾਜਪਾ ਵਲੋਂ ਸਿੱਖੀ ਦੇ ਹਿੰਦੂਕਰਣ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਸਿੱਖ ਜਥੇਬੰਦੀਆਂ ਅੰਦਰ ਪੈਦਾ ਹੋਣ ਵਾਲੇ ਰੋਸ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਵਿਚ ਬਰੀਕ ਅੱਖਰਾਂ ’ਚ ਸਪੱਸ਼ਟ ‘ਬਾਬਾ ਬੰਦਾ ਸਿੰਘ ਬਹਾਦਰ’ ਲਿਖਿਆ ਹੋਇਆ ਹੈ। ਸਮੂਹ ਸਿੱਖ ਜਥੇਬੰਦੀਆਂ ਨੂੰ ਹਰਿਆਣਾ ਸਰਕਾਰ ਦੀ ਇਸ ਕੁਟਿਲ ਸਾਜ਼ਿਸ਼ ਦੀ ਨਿੰਦਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ‘ਭਟ ਵਹੀ ਮੁਲਤਾਨੀ’ ਸਿੰਧੀ ਵਿਚ ਲਿਖਿਆ ਹੈ ਕਿ ‘ਸਤਿਗੁਰਾਂ (ਗੁਰੂ ਗੋਬਿੰਦ ਸਿੰਘ) ਇਸੇ ਆਪਨੇ ਦਸਤਿ ਮੁਬਾਰਕ ਸੇ ਪਾਹੁਲ ਦੀ, ਬੰਦਾ ਸਿੰਘ ਨਾਉਂ ਰਾਖਾ। ਇਸੇ ਰਹਿਤ ਬਹਿਤ ਬਤਾਈ।’ ਇਸ ਪ੍ਰਕਾਰ ਉਹ ਨਾਦੇੜ ਵਿਖੇ ਮਾਧੋ ਦਾਸ ਬੈਰਾਗੀ ਤੋਂ ਗੁਰੂ ਕਾ ਬੰਦਾ (ਦਾਸ) ਬਣਿਆ ਅਤੇ ਅੰਮ੍ਰਿਤ ਛਕ ਕੇ ਬੰਦਾ ਸਿੰਘ ਸਦਵਾਇਆ।
ਉਨ੍ਹਾਂ ਇਤਿਹਾਸਕ ਹਵਾਲੇ ਦਿੰਦਿਆਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਮਹਾਂਭਾਰਤ ਦੇ ਯੁੱਧ ਮੌਕੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਹਥਿਆਰ ਸੁੱਟਦੇ ਵੇਖ ਕੇ ਗੀਤਾ ਰਾਹੀਂ ਵਿਰਾਟ ਰੂਪ ਵਿਖਾਇਆ ਤੇ ਸਮਝਾਇਆ ਕਿ ਦ੍ਰਿਸ਼ਟਮਾਨ ਜਗਤ ਦੇ ਸਾਰੇ ਸਾਕ ਸਬੰਧੀ ਮਿਥਿਆ ਹਨ। ਗੁਰੂ ਗੋਬਿੰਦ ਸਿੰਘ ਜੀ ਨੇ 3 ਸਤੰਬਰ 1708 ਨੂੰ ਸੂਰਜ ਗ੍ਰਹਿਣ ਮੌਕੇ ਬਕਰੇ ਝਟਕਾਅ ਕੇ ਮਾਧੋ ਦਾਸ ਬੈਰਾਗੀ ਨੂੰ ਅੰਤਰਮੁਖੀ ਕਰਦਿਆਂ ਸਮਝਾਇਆ ਕਿ ਰਿਧੀਆਂ ਸਿਧੀਆਂ ਦੇ ਬਲਬੂਤੇ ਉਹ ਅਪਣੇ ਡੇਰੇ ਦੀ ਪਵਿੱਤਰਤਾ ਤਾਂ ਕਾਇਮ ਰੱਖ ਸਕਦਾ ਹੈ ਪਰ ਸਮੇਂ ਦੀ ਹਕੂਮਤ ਖ਼ੂਨ ਦੀਆਂ ਨਦੀਆਂ ਵਹਾ ਕੇ ਸਮੁੱਚੇ ਦੇਸ਼ ਨੂੰ ਅਪਵਿੱਤਰ ਕਰ ਰਹੀ ਹੈ, ਕੀ ਤੈਨੂੰ ਉਸ ਦੀ ਚਿੰਤਾ ਨਹੀਂ? ਤਾਰੀਖ਼ੇ ਪੰਜਾਬ ਦਾ ਲਿਖਾਰੀ ਲਿਖਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ ਕਿ ਜੇਕਰ ਤੂੰ ਬੰਦਾ ਹੈਂ ਤਾਂ ਬੰਦਿਆਂ ਵਾਲੇ ਕੰਮ ਕਰ, ਕਿਉਂਕਿ ਉਹ ਆਮ ਡੇਰੇਦਾਰਾਂ ਵਾਂਗ ਕੇਵਲ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਦੇ ਮੋਹ ਵਿਚ ਫਸਿਆ ਹੋਇਆ ਸੀ। ‘ਗੁਰੂ ਕੀਆਂ ਸਾਖੀਆਂ’ ਮੁਤਾਬਕ ਗੁਰੂ ਜੀ ਨੇ ਇਹ ਵੀ ਕਿਹਾ ਕਿ ਮਾਧੋ ਦਾਸ ਜੋ ਗੁਰੂ ਨਾਨਕ ਦੇ ਦਰ ਦਾ ਬੰਦਾ ਬਣਦਾ ਹੈ, ਉਸ ਦਾ ਪਿਛਲਾ ਜਨਮ, ਧਰਮ, ਕਰਮ ਤੇ ਭਰਮ ਸਭੀ ਜਾਤੇ ਰਹਿਤੇ ਹੈਂ। ਉੱਤਰ ਵਿਚ ਉਸ ਨੇ ਕਿਹਾ ਕਿ ਮੈਨੂੰ ਅੱਜ ਤੋਂ ਕਿਸੇ ਹੋਰ ਪਾਸੇ ਦੀ ਭਾਲ ਨਹੀਂ ਰਹੀ। ਮੈਂ ਸਹੀ ਤੌਰ ’ਤੇ ਤੇਰੇ ਦਰ ਦਾ ਬੰਦਾ ਹਾਂ। ਇਸ ਲਈ ਖ਼ਾਲਸੇ ਦੇ ਸੁਆਮੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਿੱਖ ਕੌਮ ਦੇ ਸਥਾਪਤ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੀਰ ਬੰਦਾ ਬੈਰਾਗੀ’ ਲਿਖਣਾ ਮਾਫ਼ੀ ਮੰਗਣਯੋਗ ਭੁੱਲ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਜਰਨੈਲ ਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਸਿੱਖ ਯੋਧੇ ਸਨ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਮੁਗ਼ਲੀਆ ਹਕੂਮਤ ਦਾ ਰਾਜ ਜੜ੍ਹਾਂ ਤੋਂ ਪੁੱਟਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦਾ ਸਾਥੀ ਸਿੰਘ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਅਗਵਾਈ ਵਿਚ ਖ਼ਾਲਸਾ ਫ਼ੌਜ ਨੇ ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਨ ਦੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ।ਸਰਹਿੰਦ ਨੂੰ ਫਤਿਹ ਕੀਤਾ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦਾ ਨਾਮ ਸ੍ਰੀ ਫ਼ਤਿਹਗੜ੍ਹ ਸਾਹਿਬ ਰੱਖਿਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕੀਤਾ ਅਤੇ ਬਾਅਦ ਵਿੱਚ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਲੰਮਾ ਸਮਾਂ ਹਿੰਦੁਸਤਾਨ ਦੀ ਤਤਕਾਲੀ ਹਕੂਮਤ ਨਾਲ ਜੰਗ ਕੀਤਾ ਤੇ ਬਾਅਦ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਤਸੀਹੇ ਦੇ ਕੇ ਦਿੱਲੀ ਵਿਖੇ ਸ਼ਹੀਦ ਕਰ ਦਿਤਾ ਗਿਆ, ਪਰ ਇਹ ਸਿੱਖ ਜਰਨੈਲ ਅਡੋਲ ਰਿਹਾ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਚਾਰ ਸਾਲਾ ਪੁੱਤਰ ਬਾਬਾ ਅਜੇ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਤੇ ਉਨ੍ਹਾਂ ਨਾਲ ਸੈਂਕੜੇ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ। ਪਰ ਕਿਸੇ ਨੇ ਵੀ ਈਨ ਨਾ ਮੰਨੀ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ।
ਉਨ੍ਹਾਂ ਹਰਿਆਣਾ ਸਰਕਾਰ ‘ਤੇ ਸਖ਼ਤ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਅਜਿਹੀਆਂ ਸਾਜਿਸ਼ਾਂ ਕੰੀਤੀਆਂ ਜਾ ਰਹੀਆਂ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੂੰ ਵੀਰ ਬੰੰਦਾ ਬੈਰਾਗੀ ਪ੍ਰਚਾਰ ਕੇ ਸਿੱਖ ਇਤਿਹਾਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬਾਬਾ ਜੀ ਦਾ ਅਪਮਾਨ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰਨ ਦੇ ਨਾਲ ਹਰਿਆਣਾ ਦੇ ਸਿੱਖਾਂ ਨੂੰ ਕਿ ਜਿਹੜੀ ਇਹ ਪਿਰਤ ਚਲਾਉਣ ਦੀ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧੀ ਸਰਕਾਰ ਨਾਲ ਤਾਲਮੇਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਹਾਸ ਤੇ ਸਖ਼ਸ਼ੀਅਤ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਵੇ ਤੇ ਸਹੀ ਤੱਥਾਂ ਤੋਂ ਜਾਣੂੰ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਸਬੰਧੀ ਹਰਿਆਣਾ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ , ਭਾਸ਼ਾ ਤੇ ਸੱਭਿਆਚਾਰ ਵਿਭਾਗ ਵੱਲੋਂ ਜਾਰੀ ਕੀਤੇ ਇਸ਼ਤਿਹਾਰ ਤੇ ਸੋਸ਼ਲ ਮੀਡੀਆ ਦਾ ਮਾਮਲਾ ਧਿਆਨ ਵਿੱਚ ਆਉਂਦੇ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀਆਂ ਵੱਲੋਂ ਸਬੰਧਤ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਗਿਆ ਹੈ। ਇਸ ਉਪਰੰਤ ਹਰਿਆਣਾ ਲੋਕ ਸੰਪਰਕ ਵਿਭਾਗ ਨੇ ਭਾਵੇਂ ਆਪਣੇ ਸੋਸ਼ਲ ਮੀਡੀਆ ਮੰਚ ਤੋਂ ਵੀਰ ਬੰਦਾ ਸਿੰਘ ਬੈਰਾਗੀ ਵਾਲੀ ਪੋਸਟ ਨੂੰ ਹਟਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਹੀ ਨਾਮ ਲਿਖ ਕੇ ਪੋਸਟ ਅਪ ਲੋਡ ਕਰ ਦਿੱਤੀ ਹੈ, ਪਰ ਅਖ਼ਬਾਰਾਂ ਵਿੱਚ ਇਤਰਾਜ਼ਯੋਗ ਇਸ਼ਤਿਹਾਰ ਛਪ ਚੁੱਕੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਉਹ ਹਰਿਆਣਾ ਲੋਕ ਸੰਪਰਕ ਵਿਭਾਗ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਏ ਕਿ ਸਰਕਾਰ ਵੱਲੋਂ ਅਗਾਂਹ ਤੋਂ ਇਹ ਗਲਤੀ ਨਾ ਕੀਤੀ ਜਾਵੇ
Post navigation
ਪਿਓ ਦੀ ਨੌਕਰੀ ਲੈ ਕੇ ਬਣਿਆ ਕਾਂਸਟੇਬਲ, ਔਰਤ ਦਾ ਚੋਰੀ ਕਰ ਲਿਆ ਪਰਸ, ਲੋਕਾਂ ਦੇ ਆਇਆ ਅੜਿੱਕੇ
ਇਨਸਾਨੀਅਤ ਹੋਈ ਸ਼ਰਮਸਾਰ, ਔਰਤ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਘੁੰਮਾਇਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us