ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਰਾਜ ਪੱਧਰੀ ਸਮਾਗਮ

ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਰਾਜ ਪੱਧਰੀ ਸਮਾਗਮ

ਨਾਟਕ ਪੇਸ਼ਕਾਰੀਆਂ, ਪੁਸਤਕ ਅਤੇ ਮਾਤ ਭਾਸ਼ਾ ਨਾਲ ਸਬੰਧਿਤ ਪ੍ਰਦਰਸ਼ਨੀਆਂ ਹੋਣਗੀਆਂ ਖਿੱਚ ਦਾ ਕੇਂਦਰ : ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ

ਫਿਰੋਜਪੁਰ ( ਜਤਿੰਦਰ ਪਿੰਕਲ )

ਪੰਜਾਬ ਸਰਕਾਰ ਦੁਆਰਾ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਨਵੰਬਰ ਦਾ ਮਹੀਨਾ ‘ਪੰਜਾਬੀ ਮਾਹ – 2022’ ਦੇ ਅਧੀਨ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸੱਤ ਸਮਾਗਮ ਰਾਜ ਪੱਧਰੀ ਹਨ ਜਿਨ੍ਹਾਂ ਵਿੱਚੋਂ 02 ਸਮਾਗਮ ਮੁੱਖ ਦਫ਼ਤਰ, ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ਼੍ਰੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੀ ਰਾਜ ਪੱਧਰੀ ਸਮਾਗਮ (ਨਾਟਕ ਮੇਲਾ) ਮਿਤੀ 21-11-2022 ਨੂੰ ਸਵੇਰੇ 10:30 ਵਜੇ ਜੈਨਸਿਸ ਡੈਂਟਲ ਕਾਲਜ, ਫ਼ਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਡਾ. ਜਗਦੀਪ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਰਥਕ ਰੰਗ-ਮੰਚ, ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਅਧੀਨ ‘ਲਾਕ ਡਾਊਨ – ਇੱਕ ਪ੍ਰੇਮ ਕਹਾਣੀ’ ਅਤੇ ਨਟਰੰਗ ਅਬੋਹਰ (ਰਜਿ.) ਵੱਲੋਂ ਹਨੀ ਉਤਰੇਜਾ ਦੀ ਨਿਰਦੇਸ਼ਨਾ ਅਧੀਨ ‘ਅੰਨ੍ਹੀ ਮਾਈ ਦਾ ਸੁਪਨਾ’ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਭਾਸ਼ਾ ਵਿਭਾਗ, ਪੰਜਾਬ ਦੇ ਰਾਜ ਪੱਧਰੀ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਵਿਦਿਆਰਥਣ ਨਵਜੋਤ ਕੌਰ (ਸਰਕਾਰੀ ਹਾਈ ਸਕੂਲ, ਵਾਹਗੇ ਵਾਲਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਵਿਦਿਆਰਥਣ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ. ਫੌਜਾ ਸਿੰਘ ਸਰਾਰੀ (ਕੈਬਨਿਟ ਮੰਤਰੀ, ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਵਿਭਾਗ, ਪੰਜਾਬ), ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ. ਰਣਬੀਰ ਸਿੰਘ ਭੁੱਲਰ ਵਿਧਾਇਕ, ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ, ਵਿਧਾਇਕ, ਹਲਕਾ ਫ਼ਿਰੋਜ਼ਪੁਰ ਦਿਹਾਤੀ, ਸ਼੍ਰੀ ਨਰੇਸ਼ ਕਟਾਰੀਆ, ਵਿਧਾਇਕ, ਹਲਕਾ ਜ਼ੀਰਾ ਪਹੁੰਚ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ, ਸ਼੍ਰੀ ਕੇਵਲ ਧਾਲੀਵਾਲ ਕਰ ਰਹੇ ਹਨ। ਡਾ. ਵੀਰਪਾਲ ਕੌਲ, ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਅਤੇ ਭਾਸ਼ਾ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਖੋਜ ਅਫ਼ਸਰ, ਸ. ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਡਿਪਟੀ ਕਮਿਸ਼ਨਰ, ਸ਼੍ਰੀਮਤੀ ਅੰਮ੍ਰਿਤ ਸਿੰਘ ਜੀ ਦੀ ਰਹਿਨੁਮਾਈ ਹੇਠ ਹੋ ਰਿਹਾ ਹੈ ਅਤੇ ਇਸ ਸਮਾਗਮ ਵਿੱਚ ਪੁਸਤਕਾਂ ਅਤੇ ਮਾਤਾ ਭਾਸ਼ਾ ਨਾਲ ਸਬੰਧਿਤ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅਧਿਕਾਰੀਆਂ/ਕਰਮਚਾਰੀਆਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ।

ਇਸ ਮੌਕੇ ’ਤੇ ਸ਼੍ਰੀ ਵਰਿੰਦਰ ਸਿੰਗਲ, ਸੀ.ਏ./ਚੇਅਰਮੈਨ ਜੈਨਸਿਸ ਡੈਂਟਲ ਕਾਲਜ, ਫ਼ਿਰੋਜ਼ਪੁਰ, ਸ਼੍ਰੀ ਗੌਰਵ ਸਾਗਰ ਭਾਸਕਰ, ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸ਼੍ਰੀ ਰਮਨ ਕੁਮਾਰ, ਸੀਨੀਅਰ ਸਹਾਇਕ ਅਤੇ ਸ. ਨਵਦੀਪ ਸਿੰਘ, ਜੂਨੀਅਰ ਸਹਾਇਕ ਹਾਜ਼ਰ ਸਨ।

error: Content is protected !!