ਲੋਕ ਸਭਾ ਸੀਟ ਲਈ ਮੁੱਖ ਮੰਤਰੀ ਮਾਨ ਨਹੀਂ ਛੱਡ ਰਹੇ ਜਲੰਧਰ ਆਉਣ ਦਾ ਕੋਈ ਮੌਕਾ, ਪਹਿਲਾਂ ਗੁਰੂ ਰਵਿਦਾਸ ਜੈਅੰਤੀ ਤੇ ਹੁਣ ਮਹਾਸ਼ਿਵਰਾਤਰੀ ਵੀ ਸ਼ਹਿਰ ‘ਚ ਹੀ ਦੇਖਣਗੇ, ਲਤੀਫਪੁਰਾ ਵਾਲਿਆਂ ਦਾ ਹਾਲ ਪੁੱਛਿਆ ਹੀ ਨਾ

ਲੋਕ ਸਭਾ ਸੀਟ ਲਈ ਮੁੱਖ ਮੰਤਰੀ ਮਾਨ ਨਹੀਂ ਛੱਡ ਰਹੇ ਜਲੰਧਰ ਆਉਣ ਦਾ ਕੋਈ ਮੌਕਾ, ਪਹਿਲਾਂ ਗੁਰੂ ਰਵਿਦਾਸ ਜੈਅੰਤੀ ਤੇ ਹੁਣ ਮਹਾਸ਼ਿਵਰਾਤਰੀ ਵੀ ਸ਼ਹਿਰ ‘ਚ ਹੀ ਦੇਖਣਗੇ, ਲਤੀਫਪੁਰਾ ਵਾਲਿਆਂ ਦਾ ਹਾਲ ਪੁੱਛਿਆ ਹੀ ਨਾ

ਜਲੰਧਰ (ਸੁੱਖ ਸੰਧੂ) ਖੁਦ ਨੂੰ ਬਾਕੀ ਸਿਆਸੀ ਪਾਰਟੀਆਂ ਨਾਲੋਂ ਵੱਖ ਕਹਿਣ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬਾਕੀ ਸਿਆਸਤਦਾਨਾਂ ਦੇ ਰਾਹ ਹੀ ਚੱਲ ਰਹੇ ਹਨ। ਲੋਕ ਸਭਾ ਦੀ ਜਲੰਧਰ ਵਾਲੀ ਸੀਟ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਖਾਲੀ ਪਈ ਹੋਈ ਹੈ ਅਤੇ ਇਸ ਲਈ ਸਾਰੀਆਂ ਪਾਰਟੀਆਂ ਜ਼ੋਰ ਅਜ਼ਮਾਈਸ਼ ਕਰ ਰਹੀਆਂ ਹਨ ਤੇ ਫਿਰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਪਿਛੇ ਰਹੇ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ।

ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਹਿਲਾ ਕਾਂਸ਼ੀ ਨੂੰ ਜਾਣ ਵਾਲੀ ਟਰੇਨ ਨੂੰ ਹਰੀ ਝੰਡੀ ਦਿਖਾਈ ਤੇ ਫਿਰ ਬੂਟਾ ਮੰਡੀ ਵਿਖੇ ਗੁਰੂ ਰਵਿਦਾਸ ਵਿਖੇ ਵੀ ਅਗਲੇ ਦਿਨ ਹਾਜ਼ਰੀ ਭਰੀ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਮਹਾਸ਼ਿਵਰਾਤਰੀ ਮੌਕੇ ਵੀ ਜਲੰਧਰ ਦੇ ਦੋ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਆ ਰਹੇ ਹਨ ਅਤੇ ਇਸ ਸਭ ਨੂੰ ਲੋਕ ਸਭਾ ਦੀ ਸੀਟ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਲੰਧਰ ਦੇ ਲਤੀਫਪੁਰਾ ਵਿੱਚ ਜੋ ਘਟਨਾ ਵਾਪਰੀ ਸੀ ਉਸ ਲਈ ਤਾਂ ਮੁੱਖ ਮੰਤਰੀ ਸਾਹਿਬ ਜਲੰਧਰ ਆ ਨਹੀਂ ਸਕੇ ਸਨ ਕਿ ਬੇਘਰਾਂ ਦਾ ਹਾਲ ਜਾਣ ਸਕਣ।

ਦੇਖਿਆ ਜਾਵੇ ਤਾਂ ਪਿਛਲੇ ਦੋ ਹਫ਼ਤਿਆਂ ਵਿੱਚ ਹੀ ਉਨ੍ਹਾਂ ਦਾ ਜਲੰਧਰ ਵਿੱਚ ਇਹ ਸੱਤਵਾਂ-ਅੱਠਵਾਂ ਦੌਰਾ ਹੈ। ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ ਵਿੱਚ ਸਸਤੀ ਰੇਤ ਦਾ ਟੋਆ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਅੱਜ ਮਹਾਸ਼ਿਵਰਾਤਰੀ ਮੌਕੇ ਮੁੱਖ ਮੰਤਰੀ ਜਲੰਧਰ ਸ਼ਹਿਰ ਵਿੱਚ ਮੰਦਰਾਂ ਵਿੱਚ ਮੱਥਾ ਟੇਕਣ ਆ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਪਹਿਲਾਂ ਮਹਾਲਕਸ਼ਮੀ ਮੰਦਰ ‘ਚ ਮੱਥਾ ਟੇਕਣਗੇ, ਉਸ ਤੋਂ ਬਾਅਦ ਦੁਪਹਿਰ ਨੂੰ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਮੱਥਾ ਟੇਕਣਗੇ।

ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਮਿਹਨਤ ਕਿੰਨੀ ਰੰਗ ਲਿਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੋ ਵੀ ਹੈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਨ੍ਹਾਂ ਦੇ ਸਿਪਾਹੀ ਵੀ ਬਾਕੀ ਸਿਆਸਤਦਾਨਾਂ ਵਾਂਗ ਹੀ ਸਿਆਸੀ ਰੰਗ ਵਿੱਚ ਰੰਗੇ ਗਏ ਲੱਗਦੇ ਹਨ।

error: Content is protected !!