‘ ਭੱਜ ਕੇ ਵਿਆਹ ਕਰਾਉਣਾ ਨਵੀਂ ਗੱਲ ਨਹੀਂ’ – ਪੰਜਾਬ ਹਰਿਆਣਾ ਹਾਈਕੋਰਟ

‘ ਭੱਜ ਕੇ ਵਿਆਹ ਕਰਾਉਣਾ ਨਵੀਂ ਗੱਲ ਨਹੀਂ’ – ਪੰਜਾਬ ਹਰਿਆਣਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਜਗਮੋਹਨ ਬਾਂਸਲ ਨੇ ਵੱਡੀ ਟਿੱਪਣੀ ਕੀਤੀ ਹੈ। ਜਸਟਿਸ ਜਗਮੋਹਨ ਬਾਂਸਲ ਨੇ ਲੜਕੀ ਦੇ ਘਰੋਂ ਭੱਜ ਕੇ ਵਿਆਹ ਕੀਤੇ ਜਾਣ ਦੇ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤੀ ਸੰਸਕ੍ਰਿਤੀ ‘ਚ ਵਿਆਹ ਕੋਈ ਸਮਝੌਤਾ ਜਾਂ ਇਕਰਾਰਨਾਮਾ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਾਪ ਹੈ, ਆਪਣੀ ਮਰਜ਼ੀ ਨਾਲ ਵਿਆਹ ਕਰਨਾ ਭਾਰਤ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈ, ਪਰ ਇਹ ਇਤਿਹਾਸ ਨਾਲ ਜੁੜੀ ਹੋਈ ਹੈ। ਇਸ ਦਾ ਜ਼ਿਕਰ ਰਾਮਾਇਣ ਅਤੇ ਮਹਾਭਾਰਤ ਕਾਲ ਵਿੱਚ ਵੀ ਮਿਲਦਾ ਹੈ।

ਜਸਟਿਸ ਜਗਮੋਹਨ ਬਾਂਸਲ ਨੇ ਅੱਗੇ ਟਿੱਪਣੀ ਕਰਦਿਆਂ ਕਿਹਾ ਕਿ ਸਵਯੰਵਰ ਰਾਮਾਇਣ ਅਤੇ ਮਹਾਭਾਰਤ ਕਾਲ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਸਭ ਤੋਂ ਵੱਡੀ ਮਿਸਾਲ ਹੈ। ਦਰਅਸਲ, ਇਹ ਸਾਰੀਆਂ ਗੱਲਾਂ ਜਸਟਿਸ ਬਾਂਸਲ ਨੇ ਮਲੋਟ ਦੇ ਨੌਜਵਾਨ ਵੱਲੋਂ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਕਹੀਆਂ ਸਨ। ਨੌਜਵਾਨ ਖਿਲਾਫ ਕੁੜੀ ਨੂੰ ਅਗਵਾ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਨੌਜਵਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਆਪਣੇ ਖਿਲਾਫ ਦਰਜ ਕੇਸ ਖਾਰਿਜ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੌਜਵਾਨ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਉਸ ਖ਼ਿਲਾਫ਼ ਦਰਜ ਐਫਆਈਆਰ ਨੂੰ ਖਾਰਿਜ ਕਰ ਦਿੱਤਾ ਹੈ। ਹਾਈਕੋਰਟ ਵੱਲੋਂ ਕਿਹਾ ਗਿਆ ਹੈ ਕਿ ਨੌਜਵਾਨ ਅਤੇ ਔਰਤ ਦੋਵੇਂ ਬਾਲਗ ਹਨ, ਅਜਿਹੇ ‘ਚ ਕਿਸੇ ਨੂੰ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਕੋਈ ਕਾਨੂੰਨ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣ ਤੋਂ ਨਹੀਂ ਰੋਕ ਸਕਦਾ।

ਜਨਵਰੀ 2019 ਵਿੱਚ ਕੁੜੀ ਦੇ ਪਿਤਾ ਨੇ ਮਲੋਟ ਥਾਣੇ ਵਿੱਚ ਨੌਜਵਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਨੌਜਵਾਨ ਉਸ ਦੀ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਪਰ ਕੁਝ ਮਹੀਨਿਆਂ ਬਾਅਦ ਪਤਾ ਲੱਗਾ ਕਿ ਦੋਸ਼ੀ ਨੌਜਵਾਨ ਨੇ ਉਸ ਦੀ ਕੁੜੀ ਨਾਲ ਵਿਆਹ ਕਰ ਲਿਆ ਹੈ।

error: Content is protected !!