ਅਜਨਾਲਾ ਘਟਨਾ ਤੋਂ ਬਾਅਦ ਐਕਸ਼ਨ ‘ਚ ਪੁਲਿਸ; ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ

ਅਜਨਾਲਾ ਘਟਨਾ ਤੋਂ ਬਾਅਦ ਐਕਸ਼ਨ ‘ਚ ਪੁਲਿਸ; ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ

ਚੰਡੀਗੜ੍ਹ/ਅੰਮ੍ਰਿਤਸਰ (ਵੀਓਪੀ ਬਿਊਰੋ) ਪਿਛਲੇ ਦਿਨੀ ਵਾਪਰੀ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਲਾਚਾਰ ਤੇ ਬੇਬੱਸ ਦਿਖਾਇਆ ਸੀ। ਸਾਰੇ ਪਾਸੇ ਹੋਈ ਕਿਰਕਰੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਹੁਣ ਅਜਨਾਲਾ ਘਟਨਾ ਤੋਂ ਸਬਕ ਸਿਖਦੇ ਹੋਏ ਐਕਸ਼ਨ ਦੀ ਤਿਆਰੀ ਕਰ ਲਈ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਗੁਪਤ ਤਰੀਕੇ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹਨ।

ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ 10 ਸਮਰਥਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਸਾਥੀ ਦਾ ਲਾਇਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਇਸ ਲਈ ਉੱਥੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਵਿੱਚ ਬਣੇ 9 ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਇਹ ਸਾਰੀ ਕਾਰਵਾਈ ਗੁਪਤ ਤਰੀਕੇ ਨਾਲ ਕਰ ਰਹੀ ਹੈ ਤਾਂ ਜੋ ਅਜਨਾਲਾ ਕਾਂਡ ਵਰਗੀ ਹਿੰਸਕ ਘਟਨਾ ਦੁਬਾਰਾ ਨਾ ਵਾਪਰੇ।

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 9 ਸਮਰਥਕਾਂ ਖਿਲਾਫ ਕਾਰਵਾਈ ਪੂਰੀ ਕਰ ਲਈ ਹੈ ਪਰ ਕਾਰਵਾਈ 20 ਮਾਰਚ ਤੋਂ ਬਾਅਦ ਹੋ ਸਕਦੀ ਹੈ। ਦਰਅਸਲ, ਪੰਜਾਬ ਸਰਕਾਰ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਜੀ-20 ਕਾਨਫਰੰਸ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕਰਨਾ ਚਾਹੁੰਦੀ। 15 ਤੋਂ 17 ਮਾਰਚ ਤੱਕ ਸਿੱਖਿਆ ਵਿਸ਼ੇ ‘ਤੇ ਅਤੇ 19-20 ਮਾਰਚ ਨੂੰ ਕਿਰਤ ਦੇ ਵਿਸ਼ੇ ‘ਤੇ ਕਾਨਫਰੰਸ ਕੀਤੀ ਜਾ ਰਹੀ ਹੈ ।

error: Content is protected !!