ਪੰਜਾਬ ਬਜ਼ਟ ‘ਤੇ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ, ਮਨੋਰੰਜਨ ਕਾਲੀਆ ਨੇ ਨਿਰਾਸ਼ਾਜਨਕ ਬਜ਼ਟ, ਰਾਜਿੰਦਰ ਬੇਰੀ ਨੇ ਮੈਨੀਫ਼ੈਸਟੋ ਤੋਂ ਦੂਰ ਰਿਹਾ ਬਜ਼ਟ ਅਤੇ ਸੁਖਮਿੰਦਰ ਰਾਜਪਾਲ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਕੀਤਾ ਨਿਰਾਸ਼

ਪੰਜਾਬ ਬਜ਼ਟ ‘ਤੇ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ, ਮਨੋਰੰਜਨ ਕਾਲੀਆ ਨੇ ਨਿਰਾਸ਼ਾਜਨਕ ਬਜ਼ਟ, ਰਾਜਿੰਦਰ ਬੇਰੀ ਨੇ ਮੈਨੀਫ਼ੈਸਟੋ ਤੋਂ ਦੂਰ ਰਿਹਾ ਬਜ਼ਟ ਅਤੇ ਸੁਖਮਿੰਦਰ ਰਾਜਪਾਲ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਕੀਤਾ ਨਿਰਾਸ਼


ਵੀਓਪੀ ਬਿਊਰੋ – ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣਾ ਪਹਿਲਾਂ ਬਜ਼ਟ ਪੇਸ਼ ਕਰ ਦਿੱਤਾ ਗਿਆ ਹੈ| ਜਿਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਾਲ 2023-24 ਲਈ ਪੇਸ਼ ਕੀਤੇ ਬਜਟ ਨੂੰ ‘ਆਮ ਲੋਕਾਂ ਦਾ ਬਜਟ’ ਕਰਾਰ ਦਿੰਦਿਆਂ ਇਸ ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦਾ ਬਲੂਪ੍ਰਿੰਟ ਕਰਾਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਇਸ ਬਜ਼ਟ ਨੂੰ ਨਿਰਾਸ਼ਾਜਨਕ ਬਜਟ ਕਿਹਾ ਹੈ|
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਪੰਜਾਬ ਦੇ ਬਜਟ 2023-24 ‘ਤੇ ਟਿੱਪਣੀ ਕਰਦਿਆਂ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਬਜਟ ਕੇਜਰੀਵਾਲ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ। ਬਾਕੀ ਵਾਅਦਿਆਂ ਦੀ ਗੱਲ ਤਾਂ ਛੱਡੋ| ਇਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਆਪਣੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਵਾਅਦੇ ਤੋਂ ਹੀ ਮੁਨਕਰ ਹੋ ਗਈ ਹੈ। ਇਹ ‘ਨਿਰਾਸ਼ਾਜਨਕ ਬਜਟ’ ਹੈ ਅਤੇ ਆਮ ਆਦਮੀ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।


ਇਸ ਬਾਰੇ ਜਲੰਧਰ ਕੇਂਦਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਵਲੋਂ ਪੇਸ਼ ਕੀਤਾ ਇਹ ਬਜ਼ਟ ਬਹੁਤ ਮਾੜਾ ਬਜ਼ਟ ਹੈ| ਸਰਕਾਰ ਵਲੋਂ ਚੋਣਾਂ ਲੜਨ ਤੋਂ ਪਹਿਲਾਂ ਕੀਤੇ ਵਾਦਿਆਂ ਨੂੰ ਪੂਰਾ ਨਹੀਂ ਕੀਤਾ| ਚੋਣ ਮੇਨੀਫੇਸਟੋ ‘ਚ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਨਹੀਂ ਪੂਰਾ ਕੀਤਾ| ਇਹਨ੍ਹਾ ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ ਲੋਕ ਤੰਗ ਹੋਏ ਪਏ ਨੇ, ਵਪਾਰੀ ਇਹਨਾਂ ਤੋਂ ਨਾਰਾਜ ਹਨ| ਇਹਨਾਂ ਨੇ ਕਿਹਾ ਸੀ ਇੰਸਪੈਕਟਰੀ ਰਾਜ ਖਤਮ ਕਰਾਂਗੇ, ਉਹ ਨਹੀਂ ਕੀਤਾ ਉਲਟਾ ਲੋਕਾਂ ਦੀਆਂ ਦੁਕਾਨਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ|


ਯੂਥ ਅਕਾਲੀ ਦਲ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਪੰਜਾਬ ਨੂੰ ਅਜਿਹੇ ਬਜਟ ਦੀ ਲੋੜ ਹੈ ਜੋ ਇਸ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਜਾ ਸਕੇ ਪਰ ਸਰਕਾਰ ਲੋਕਾਂ ਨੂੰ ਰਾਹਤ ਦੇਣ ‘ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ |ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜੋ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋ ਰਹੇ ਹਨ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਪੰਜਾਬ ਨੂੰ ਅੱਗੇ ਲਿਆਉਣ ਲਈ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਉਮੀਦਾਂ ਦੇ ਉਲਟ ਪੇਸ਼ ਕੀਤੇ ਗਏ ਬਜਟ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਰਾਜਪਾਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਹਰ ਵਰਗ ਦੀਆਂ ਲੋੜਾਂ ਦਾ ਧਿਆਨ ਰੱਖਿਆ ਗਿਆ ਸੀ, ਜਿਸ ਕਾਰਨ ਅੱਜ ਲੋਕ ਅਕਾਲੀ ਸਰਕਾਰ ਦੇ ਰਾਜ ਨੂੰ ਯਾਦ ਕਰ ਰਹੇ ਹਨ। ਇਸ ਬਜਟ ਨਾਲ ਪੰਜਾਬ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ।

error: Content is protected !!