ਵਪਾਰੀ ਨੂੰ ਮਾਰਨ ਲਈ ਅੱਤਵਾਦੀ ਡੱਲਾ ਤੇ ਗੈਂਗਸਟਰ ਸੁੱਖਾ ਵੱਲੋਂ ਭੇਜੇ ਬਦਮਾਸ਼ ਆਏ ਪੁਲਿਸ ਦੇ ਅੜਿੱਕੇ, ਬਣਾਈ ਸੀ ਇਹ ਯੋਜਨਾ

ਵਪਾਰੀ ਨੂੰ ਮਾਰਨ ਲਈ ਅੱਤਵਾਦੀ ਡੱਲਾ ਤੇ ਗੈਂਗਸਟਰ ਸੁੱਖਾ ਵੱਲੋਂ ਭੇਜੇ ਬਦਮਾਸ਼ ਆਏ ਪੁਲਿਸ ਦੇ ਅੜਿੱਕੇ, ਬਣਾਈ ਸੀ ਇਹ ਯੋਜਨਾ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਪੁਲਿਸ ਨੇ ਅੱਤਵਾਦੀ ਅਰਸ਼ ਡੱਲਾ ਅਤੇ ਗੈਂਗਸਟਰ ਸੁੱਖਾ ਦੁੱਨੇਕੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਉੱਤਰਾਖੰਡ ਵਿੱਚ ਟਾਰਗੇਟ ਕਿਲਿੰਗ ਕਰਨ ਵਾਲੇ ਸਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾ ਸਿੰਘ ਵਾਸੀ ਪਿੰਡ ਗੜੂੰਆਣਾ, ਜ਼ਿਲ੍ਹਾ ਮਾਨਸਾ ਅਤੇ ਹਰਜੀਤ ਸਿੰਘ ਉਰਫ਼ ਗੋਰਾ ਵਾਸੀ ਪਿੰਡ ਭਾਡੋਲੀਆਂਵਾਲੀ ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ .32 ਬੋਰ, ਦੇਸੀ ਕੱਟਾ, ਕਾਰਤੂਸ ਅਤੇ ਇੱਕ 12 ਬੋਰ ਦਾ ਦੇਸੀ ਕੱਟਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 1.90 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ, ਜੋ ਕਿ ਯੋਜਨਾਬੱਧ ਕਤਲ ਲਈ ਮੁਹੱਈਆ ਕਰਵਾਈ ਗਈ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਪਿੰਡ ਜੱਸੀ ਪੌਵਾਲੀ ਵਿਖੇ ਨਾਕਾ ਲਾਇਆ। ਸ਼ਿਮਲਾ ਸਿੰਘ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸ ਨੂੰ ਫੜ ਲਿਆ ਗਿਆ। ਏ.ਆਈ.ਜੀ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਸ਼ਿਮਲਾ ਸਿੰਘ ਨੇ ਖੁਲਾਸਾ ਕੀਤਾ ਕਿ ਅਰਸ਼ ਡੱਲਾ ਨੇ ਉਸ ਨੂੰ ਕਾਸ਼ੀਪੁਰ ਦੇ ਇਕ ਵਪਾਰੀ ਦਾ ਕਤਲ ਕਰਨ ਅਤੇ ਆਪਣੇ ਸਾਥੀ ਸਾਧੂ ਸਿੰਘ, ਜੋ ਇਸ ਸਮੇਂ ਹਲਦਵਾਨੀ ਜੇਲ ਵਿਚ ਬੰਦ ਹੈ, ਨੂੰ ਲੌਜਿਸਟਿਕ ਸਪੋਰਟ ਲਈ ਮਿਲਣ ਨੂੰ ਕਿਹਾ ਸੀ।

ਅਰਸ਼ ਡੱਲਾ ਨੇ ਇਸ ਯੋਜਨਾਬੱਧ ਕਤਲ ਨੂੰ ਅੰਜਾਮ ਦੇਣ ਲਈ ਸ਼ਿਮਲਾ ਸਿੰਘ ਨੂੰ 4 ਲੱਖ ਅਤੇ 3 ਲੱਖ ਦੀਆਂ ਦੋ ਕਿਸ਼ਤਾਂ ਵਿੱਚ 7 ​​ਲੱਖ ਰੁਪਏ ਭੇਜੇ ਸਨ। ਏਆਈਜੀ ਨੇ ਦੱਸਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਸੁੱਖਾ ਦੁੱਨੇਕੇ ਦੇ ਕਹਿਣ ’ਤੇ ਇੱਕ ਅਣਪਛਾਤੇ ਵਿਅਕਤੀ ਨੂੰ 4 ਲੱਖ ਰੁਪਏ ਅਤੇ ਹਰਜੀਤ ਸਿੰਘ ਉਰਫ਼ ਗੋਰਾ ਨੂੰ 3 ਲੱਖ ਰੁਪਏ ਕਤਲ ਨੂੰ ਅੰਜਾਮ ਦੇਣ ਲਈ ਅਤੇ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਦਿੱਤੇ ਸਨ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਹਰਿਆਣਾ ਪੁਲਿਸ ਦੀ ਮਦਦ ਨਾਲ ਹਰਜੀਤ ਗੋਰਾ ਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!