ਪੰਜਾਬ ਦੇ ਸ਼ੇਰ ਦੀ ਦਹਾੜ ਨਾਲ ਕੰਬਿਆ ਮੁੰਬਈ, ਗੁਜਰਾਤ ਨੇ ਸ਼ੁਭਮਨ ਗਿੱਲ ਦੀ ਬਦੌਲਤ ਰੋਹਿਤ ਦੀ ਟੀਮ ਨੂੰ ਹਰਾ ਕੇ ਕੀਤਾ ਫਾਇਨਲ ‘ਚ ਪ੍ਰਵੇਸ਼

ਪੰਜਾਬ ਦੇ ਸ਼ੇਰ ਦੀ ਦਹਾੜ ਨਾਲ ਕੰਬਿਆ ਮੁੰਬਈ, ਗੁਜਰਾਤ ਨੇ ਸ਼ੁਭਮਨ ਗਿੱਲ ਦੀ ਬਦੌਲਤ ਰੋਹਿਤ ਦੀ ਟੀਮ ਨੂੰ ਹਰਾ ਕੇ ਕੀਤਾ ਫਾਇਨਲ ‘ਚ ਪ੍ਰਵੇਸ਼

ਨਵੀਂ ਦਿੱਲੀ/ਅਹਿਮਦਾਬਾਦ (ਵੀਓਪੀ ਬਿਊਰੋ) ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਨੇ ਲਗਾਤਾਰ ਦੂਜੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੌਜੂਦਾ ਚੈਂਪੀਅਨ ਗੁਜਰਾਤ ਨੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਹਾਰਦਿਕ ਦੀ ਟੀਮ ਨੇ ਪਿਛਲੀ ਵਾਰ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਵਾਰ ਫਾਈਨਲ ਵਿੱਚ ਚਾਰ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਉਸ ਦੇ ਸਾਹਮਣੇ ਹੋਵੇਗੀ।

ਹਾਰਦਿਕ ਨੂੰ ਟਰਾਫੀ ਜਿੱਤਣ ਲਈ ਆਪਣੇ ਗੁਰੂ ਮਹਿੰਦਰ ਸਿੰਘ ਧੋਨੀ ਨੂੰ ਹਰਾਉਣਾ ਹੋਵੇਗਾ। ਗੁਜਰਾਤ ਨੇ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਮੁੰਬਈ ਨੂੰ ਹਰਾਇਆ। ਇਸ ਮੈਦਾਨ ‘ਤੇ ਹੁਣ ਉਹ ਐਤਵਾਰ (28 ਮਈ) ਨੂੰ ਫਾਈਨਲ ਮੈਚ ‘ਚ ਚੇਨਈ ਨਾਲ ਭਿੜੇਗੀ। ਗੁਜਰਾਤ ਨੂੰ ਇਕ ਵਾਰ ਫਿਰ ਆਪਣੇ ਸਮਰਥਕਾਂ ਵਿਚਾਲੇ ਖੇਡਣ ਦਾ ਮੌਕਾ ਮਿਲੇਗਾ। ਅਜਿਹੇ ‘ਚ ਧੋਨੀ ਦੀ ਟੀਮ ‘ਤੇ ਕਾਫੀ ਦਬਾਅ ਹੋਵੇਗਾ।

ਗੁਜਰਾਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 129 ਦੌੜਾਂ ਬਣਾਈਆਂ। ਉਸ ਨੇ 60 ਗੇਂਦਾਂ ਦੀ ਆਪਣੀ ਪਾਰੀ ਵਿੱਚ ਸੱਤ ਚੌਕੇ ਤੇ 10 ਛੱਕੇ ਲਾਏ। ਗਿੱਲ ਦਾ ਚਾਰ ਮੈਚਾਂ ਵਿੱਚ ਇਹ ਤੀਜਾ ਸੈਂਕੜਾ ਹੈ। ਉਸ ਨੇ ਲੀਗ ਦੌਰ ਦੇ ਆਖਰੀ ਦੋ ਮੈਚਾਂ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਸੈਂਕੜੇ ਲਗਾਏ ਸਨ। ਗਿੱਲ ਤੋਂ ਇਲਾਵਾ ਸਾਈ ਸੁਦਰਸ਼ਨ ਨੇ 31 ਗੇਂਦਾਂ ‘ਤੇ 43 ਦੌੜਾਂ ਬਣਾਈਆਂ।

ਗੁਜਰਾਤ ਦੇ ਗੇਂਦਬਾਜ਼ਾਂ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮੁਹੰਮਦ ਸ਼ਮੀ ਨੇ ਆਪਣੇ ਪਹਿਲੇ ਦੋ ਓਵਰਾਂ ਵਿੱਚ ਰੋਹਿਤ ਅਤੇ ਨੇਹਾਲ ਨੂੰ ਆਊਟ ਕਰਕੇ ਗੁਜਰਾਤ ਨੂੰ ਵੱਡੀ ਸਫਲਤਾ ਦਿਵਾਈ। ਉਸ ਤੋਂ ਬਾਅਦ ਮੋਹਿਤ ਸ਼ਰਮਾ ਨੇ ਪੰਜ ਵਿਕਟਾਂ ਲੈ ਕੇ ਮੁੰਬਈ ਦੀ ਟੀਮ ਨੂੰ ਢੇਰ ਕਰ ਦਿੱਤਾ। ਰਾਸ਼ਿਦ ਖਾਨ ਨੇ ਦੋ ਅਤੇ ਜੋਸ਼ੂਆ ਲਿਟਲ ਨੇ ਇੱਕ ਵਿਕਟ ਹਾਸਲ ਕੀਤੀ।

error: Content is protected !!