ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਗਏ ਨੌਜਵਾਨ ਦੀ ਹੋਟਲ ਦੇ ਕਮਰੇ ਵਿਚ ਹੋਈ ਮੌਤ, ਦੋ ਭੈਣਾਂ ਦੀ ਸੀ ਇਕਲੌਤਾ ਭਰਾ

ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਗਏ ਨੌਜਵਾਨ ਦੀ ਹੋਟਲ ਦੇ ਕਮਰੇ ਵਿਚ ਹੋਈ ਮੌਤ, ਦੋ ਭੈਣਾਂ ਦੀ ਸੀ ਇਕਲੌਤਾ ਭਰਾ


ਵੀਓਪੀ ਬਿਊਰੋ, ਜ਼ੀਰਕਪੁਰ : ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਗਏ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜ਼ੀਰਕਪੁਰ ਅਧੀਨ ਪੈਂਦੇ ਪਿੰਡ ਦਿਆਲਪੁਰਾ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਅਮਨਪ੍ਰੀਤ ਸਿੰਘ ਗਿੱਲ ਆਪਣੇ ਦੋਸਤਾਂ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ, ਜਿਸ ਦੀ ਹੋਟਲ ਦੇ ਕਮਰੇ ‘ਚ ਸੌਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅਜੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ। ਅਮਨਪ੍ਰੀਤ ਸਿੰਘ ਗਿੱਲ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸੁਨੇਹਾ ਮਿਲਣ ਤੋਂ ਬਾਅਦ ਵਿਦੇਸ਼ ‘ਚ ਨੌਕਰੀ ਕਰ ਰਹੇ ਅਮਨਪ੍ਰੀਤ ਦੇ ਪਿਤਾ ਵੀ ਆਪਣੇ ਜੱਦੀ ਪਿੰਡ ਦਿਆਲਪੁਰਾ ਪਹੁੰਚ ਗਏ।
ਮੰਗਲਵਾਰ ਸ਼ਾਮ ਨੂੰ ਨਮ ਅੱਖਾਂ ਨਾਲ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁੱਜੇ ਇਲਾਕੇ ਦੇ ਲੋਕਾਂ ਵੱਲੋਂ ਅਮਨਪ੍ਰੀਤ ਗਿੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਅਮਨਪ੍ਰੀਤ ਸਿੰਘ ਦੇ ਦੋਸਤ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਚਾਰੇ ਦੋਸਤ ਵੀਰਵਾਰ ਦੀ ਸ਼ਾਮ ਨੂੰ ਘਰੋਂ ਨਿਕਲੇ ਸਨ ਅਤੇ ਐਤਵਾਰ ਸ਼ਾਮ ਕਰੀਬ 6.30 ਵਜੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਪੁੱਜੇ। ਉਸ ਸਮੇਂ ਤੱਕ ਅਮਨਪ੍ਰੀਤ ਵੀ ਠੀਕ-ਠਾਕ ਸੀ। ਅਸ਼ਵਿੰਦਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ‘ਚ ਕੋਈ ਕਮਰਾ ਨਹੀਂ ਮਿਲਿਆ। ਇਸ ਲਈ ਉਹ ਚਾਰੇ ਬਾਜ਼ਾਰ ‘ਚ ਘੁੰਮਣ ਲੱਗ ਪਏ ਕਿ ਕੋਈ ਕਮਰਾ ਮਿਲ ਜਾਵੇ। ਜਦੋਂ ਫਿਰ ਹੋਟਲ ‘ਚ ਕਮਰਾ ਮਿਲਿਆ ਤਾਂ ਅਮਨਪ੍ਰੀਤ ਕਹਿਣ ਲੱਗਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਡਾਕਟਰ ਕੋਲੋਂ ਦਵਾਈ ਦੁਆਈ ਗਈ ਅਤੇ ਉਹ ਆਰਾਮ ਕਰਨ ਲੱਗਾ।


ਜਦੋਂ ਸਵੇਰੇ ਹੇਮਕੁੰਟ ਸਾਹਿਬ ਮੱਥਾ ਟੇਕਣ ਲਈ ਅਮਨਪ੍ਰੀਤ ਨੂੰ ਜਗਾਇਆ ਗਿਆ ਤਾਂ ਉਹ ਨਹੀਂ ਉੱਠਿਆ। ਉਸ ਦੇ ਦੋਸਤ ਉਸ ਨੂੰ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਅਮਨਪ੍ਰੀਤ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਤੋਂ ਬਾਅਦ ਉਹ ਲਾਸ਼ ਵਾਪਸ ਲੈ ਕੇ ਆ ਗਏ ਅਤੇ ਉਸ ਨੂੰ ਡੇਰਾਬੱਸੀ ਦੇ ਹਸਪਤਾਲ ‘ਚ ਰਖਵਾ ਦਿੱਤਾ। ਇਸ ਘਟਨਾ ਤੋਂ ਬਾਅਦ ਮ੍ਰਿਤਕ ਅਮਨਪ੍ਰੀਤ ਗਿੱਲ ਦੇ ਦੋਸਤ ਵੀ ਸਦਮੇ ‘ਚ ਹਨ।

error: Content is protected !!