ਫਤਹਿਗੜ੍ਹ ਸਾਹਿਬ ਵਿਚ 40 ਲੱਖ ਦੀ ਲੁੱਟ, ਭੇਤੀ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਪੁਲਿਸ ਨੇ 48 ਘੰਟਿਆਂ ਵਿਚ ਕਰ ਲਿਆ ਕਾਬੂ

ਫਤਹਿਗੜ੍ਹ ਸਾਹਿਬ ਵਿਚ 40 ਲੱਖ ਦੀ ਲੁੱਟ, ਭੇਤੀ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਪੁਲਿਸ ਨੇ 48 ਘੰਟਿਆਂ ਵਿਚ ਕਰ ਲਿਆ ਕਾਬੂ


ਵੀਓਪੀ ਬਿਊਰੋ, ਫਤਿਹਗੜ੍ਹ ਸਾਹਿਬ : ਸ਼ੇਰਸ਼ਾਹ ਸੂਰੀ ਮਾਰਗ ’ਤੇ ਸਥਿਤ ਇਕ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ 40 ਲੱਖ ਤੋਂ ਵੱਧ ਦੀ ਰਾਸ਼ੀ ਲੁੱਟਣ ਦੀ ਵਾਰਦਾਤ ਨੂੰ ਉਸ ਦੇ ਪਹਿਲਾਂ ਰਹੇ ਮੈਨੇਜਰ ਨੇ ਹੀ ਅੰਜਾਮ ਦਿੱਤਾ ਸੀ। ਬੀਤੀ 30 ਅਪ੍ਰੈਲ ਨੂੰ ਉਸ ਦਾ ਮੈਨੇਜਰ ਵਜੋਂ ਐਗਰੀਮੈਂਟ ਖ਼ਤਮ ਹੋਇਆ ਸੀ। ਇਸ ਮਾਮਲੇ ਨੂੰ ਜ਼ਿਲ੍ਹਾ ਫਹਿਤਗੜ੍ਹ ਸਾਹਿਬ ਨੇ ਮਹਿਜ਼ 48 ਘੰਟਿਆਂ ’ਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ 29 ਮਈ ਨੂੰ ਪੈਟਰੋਲ ਪੰਪ ਦੇ ਨੇੜੇ ਬਾ-ਹੱਦ ਪਿੰਡ ਭੱਟਮਾਜਰਾ ਤੋਂ ਹੱਥਿਆਰਾਂ ਦੀ ਨੋਕ ’ਤੇ ਹੋਈ ਸਨਸਨੀਖੇਜ਼ 40.79 ਲੱਖ ਰੁਪਏ ਦੀ ਵਾਰਦਾਤ ਨੂੰ ਮਹਿਜ਼ 48 ਘੰਟਿਆਂ ’ਚ ਹੀ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਉਨ੍ਹਾਂ ਵੱਲੋਂ ਏ.ਜੀ.ਟੀ.ਐੱਫ. ਪੰਜਾਬ ਅਤੇ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਕਥਿਤ ਮੁਲਜ਼ਮਾਂ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਤੇ ਏ.ਜੀ.ਟੀ.ਐੱਫ. ਦੇ ਸਾਂਝੇ ਆਪਰੇਸ਼ਨ ’ਚ 2 ਮੁਲਜ਼ਮਾਂ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ 32 ਬੋਰ ਪਿਸਤੋਲ ਅਤੇ ਜਿੰਦਾ ਰੌਂਦਾ ਨਾਲ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਖੁਲਾਸੇ ’ਚ ਪੈਟਰੋਲ ਪੰਪ ਦੇ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ ਵਾਸੀ ਟਾਂਗਰਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਕੇ 40.79 ਲੱਖ ਰੁਪਿਆਂ ’ਚੋਂ 33,73,000/- ਰੁਪਏ ਉਸ ਦੇ ਘਰੋਂ (ਟਾਂਗਰਾ) ਤੋਂ ਬਰਾਮਦ ਕਰ ਲਏ ਗਏ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਮੁਲਜ਼ਮ ਵਿਕਰਮਜੀਤ ਸਿੰਘ ਇਸ ਪੈਟਰੋਲ ਪੰਪ ਨੂੰ ਬਤੌਰ ਮੈਨੇਜਰ ਚਲਾ ਰਿਹਾ ਸੀ ਜੋ 30 ਅਪ੍ਰੈਲ ਨੂੰ ਉਸਦਾ ਐਗਰੀਮੈਂਟ ਖਤਮ ਹੋਣ ਤੋਂ ਬਾਅਦ ਨਵੇਂ ਵਿਅਕਤੀ ਨੂੰ ਇਸ ਪੰਪ ਦਾ ਚਾਰਜ ਦੇ ਦਿੱਤਾ ਗਿਆ ਸੀ। ਜਿਸ ਨੇ ਇਸ ਗੱਲ ਦੀ ਰੰਜਿਸ਼ ਰੱਖਦਿਆਂ ਪੈਟਰੋਲ ਪੰਪ ’ਤੇ ਆਪਣੇ ਸਾਥੀਆਂ ਸਣੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।


ਐੱਸ.ਐੱਸ.ਪੀ. ਡਾ. ਗਰੇਵਾਲ ਨੇ ਦੱਸਿਆ ਕਿ ਕਥਿਤ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਪੰਪ ਦੇ ਸਾਰੇ ਕੈਸ਼ ਦੇ ਆਉਣ ਜਾਣ ਅਤੇ ਪੰਪ ’ਤੇ ਕਦੋਂ ਜ਼ਿਆਦਾ ਕੈਸ਼ ਇਕੱਠਾ ਹੁੰਦਾ ਹੈ, ਬਾਰੇ ਪੂਰੀ ਜਾਣਕਾਰੀ ਸੀ। ਇਸ ਗੱਲ ਦਾ ਭੇਤੀ ਹੋਣ ਕਾਰਨ ਇਸ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਲੁੱਟ ਦੀ ਵਾਰਦਾਤ ’ਚ ਕੁੱਲ 6 ਮੁਲਜ਼ਮਾਂ ’ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।

error: Content is protected !!