ਪਟਿਆਲਾ ਵਿਚ ਪਾਵਰਕਾਮ ਦਫਤਰ ਅੱਗੇ ਧਰਨੇ ਉਤੇ ਬੈਠੇ ਕਿਸਾਨ ਪੁਲਿਸ ਨੇ ਚੱਕੇ, ਪੂਰੇ ਪੰਜਾਬ ਵਿਚ ਵਿਰੋਧ ਸ਼ੁਰੂ; ਬਟਾਲਾ, ਬਰਨਾਲਾ, ਬਠਿੰਡਾ ਵਿਚ ਹਾਈਵੇ ਜਾਮ, ਗਰਮੀ ਵਿਚ ਰਾਹਗੀਰਾਂ ਦਾ ਬੁਰਾ ਹਾਲ

ਪਟਿਆਲਾ ਵਿਚ ਪਾਵਰਕਾਮ ਦਫਤਰ ਅੱਗੇ ਧਰਨੇ ਉਤੇ ਬੈਠੇ ਕਿਸਾਨ ਪੁਲਿਸ ਨੇ ਚੱਕੇ, ਪੂਰੇ ਪੰਜਾਬ ਵਿਚ ਵਿਰੋਧ ਸ਼ੁਰੂ; ਬਟਾਲਾ, ਬਰਨਾਲਾ, ਬਠਿੰਡਾ ਵਿਚ ਹਾਈਵੇ ਜਾਮ, ਗਰਮੀ ਵਿਚ ਰਾਹਗੀਰਾਂ ਦਾ ਬੁਰਾ ਹਾਲ


ਵੀਓਪੀ ਬਿਊਰੋ, ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਪਿਛਲੇ ਪੰਜ ਦਿਨਾਂ ਤੋਂ ਪੱਕਾ ਧਰਨਾ ਦਿੱਤਾ ਜਾ ਰਿਹਾ ਸੀ। ਮੰਗਲਵਾਰ ਸਵੇਰੇ ਕਾਰਵਾਈ ਕਰਦਿਆਂ ਪੁਲਿਸ ਨੇ ਧਰਨਾਕਾਰੀਆਂ ਨੂੰ ਖਿੰਡਾ ਦਿੱਤਾ। ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਪਹਿਲਾਂ ਪਾਵਰਕਾਮ ਦੇ ਸਾਰੇ ਗੇਟਾਂ ਸਾਹਮਣੇ ਬੈਠੇ ਕਿਸਾਨਾਂ ਨੂੰ ਜ਼ਬਰਦਸਤੀ ਉਠਾ ਕੇ ਗੇਟ ਖੁੱਲ੍ਹਵਾਏ ਤੇ ਫਿਰ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।ਪਟਿਆਲਾ ‘ਚ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੂੰ ਪੁਲਿਸ ਵੱਲੋਂ ਜਬਰੀ ਚੁੱਕ ਲਏ ਜਾਣ ਦਾ ਵਿਰੋਧ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਬਟਾਲਾ, ਬਠਿੰਡਾ, ਬਰਨਾਲਾ, ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ ‘ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਹਨ, ਜਿਸ ਕਾਰਨ ਲੰਮੇ ਜਾਮ ਲੱਗ ਗਏ ਹਨ। ਜਾਮ ‘ਚ ਫਸੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ।

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਪਾਵਰਕਾਮ ਦੇ ਮੁੱਖ ਦਫਤਰ ਅਅੱਗੇ ਧਰਨੇ ਦਾ ਪੰਜਵਾਂ ਦਿਨ ਹੈ। ਮੰਗਲਵਾਰ ਨੂੰ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਮਰਨ ਵਰਤ ਉਤੇ ਬੈਠੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹੋਰਨਾਂ ਕਿਸਾਨਾਂ ਨੂੰ ਵੀ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ। ਪੁਲਿਸ ਵੱਲੋਂ ਮਿੱਟੀ ਦੇ ਭਰੇ ਟਿੱਪਰਾਂ ਨਾਲ ਧਰਨੇ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਾਲਾਂਕਿ ਬਾਅਦ ਵਿਚ ਰਸਤੇ ਖੋਲ੍ਹ ਦਿੱਤੇ ਗਏ। ਧਰਨੇ ਦੇ ਟੈਂਟ ਤਕ ਪੁੱਟ ਕੇ ਰਸਤਾ ਸਾਫ ਕਰ ਦਿੱਤਾ ਗਿਆ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਵੀ ਆਪਣੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਗੇਟ ਖੁੱਲ੍ਹਣ ਬਾਰੇ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰੀ ਦਫ਼ਤਰ ਪਹੁੰਚਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਨਿਖੇਧੀ ਕੀਤੀ ਗਈ ਹੈ। ਪਿੰਡਾਂ ਵਿਚ ਰੋਡ ਜਾਮ ਕਰਨ ਦਾ ਐਲਾਨ ਕੀਤੇ ਜਾਣ ਲੱਗੇ ਹਨ।


ਉਧਰ, ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਧਰਨਾ ਚੁੱਕਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸ਼ਹਿਰ ਦੀਆਂ ਸੜਕਾਂ ਨੂੰ ਬਲਾਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਉਨ੍ਹਾਂ ਨੇ ਧਰਨਾ ਲਾਉਣਾ ਹੈ ਤਾਂ ਉਸ ਦੀ ਇਜਾਜ਼ਤ ਲੈਣੀ ਪਵੇਗੀ।

error: Content is protected !!