ਪੈਟਰੋਲ ਪੰਪ ਉਤੇ ਲੁੱਟ ਦੀ ਵੱਡੀ ਵਾਰਦਾਤ, ਮੁਲਾਜ਼ਮ ਉਤੇ ਗੋਲੀ ਚਲਾ ਲੁੱਟੀ ਨਕਦੀ

ਪੈਟਰੋਲ ਪੰਪ ਉਤੇ ਲੁੱਟ ਦੀ ਵੱਡੀ ਵਾਰਦਾਤ, ਮੁਲਾਜ਼ਮ ਉਤੇ ਗੋਲੀ ਚਲਾ ਲੁੱਟੀ ਨਕਦੀ


ਵੀਓਪੀ ਬਿਊਰੋ, ਅੰਮ੍ਰਿਤਸਰ : ਮਹਿਤਾ ਥਾਣੇ ਅਧੀਨ ਪੈਂਦੇ ਉਸਮਾ ਇਲਾਕੇ ਦੇ ਇਕਬਾਲ ਫਿਲਿੰਗ ਸਟੇਸ਼ਨ ’ਤੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਪੈਟਰੋਲ ਪੰਪ ਮੁਲਾਜ਼ਮ ’ਤੇ ਗੋਲ਼ੀ ਚਲਾ ਕੇ 20,000 ਰੁਪਏ ਲੁੱਟ ਲਏ। ਜ਼ਖ਼ਮੀ ਪੈਟਰੋਲ ਪੰਪ ਮੁਲਾਜ਼ਮ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।


ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪੁੱਜ ਗਈ। ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਫੁਟੇਜ ਨੂੰ ਕਢਵਾਇਆ ਗਿਆ ਹੈ। ਥਾਣਾ ਮਹਿਤਾ ਦੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪਠਾਨਕੋਟ ਦੇ ਸਦਰ ਖੇਤਰ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਨੇ ਥਾਣਾ ਮਹਿਤਾ ਦੀ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਉਸਮਾ ਨੇੜੇ ਇਕਬਾਲ ਨਾਂ ਦੇ ਫਿਲਿੰਗ ਸਟੇਸ਼ਨ ’ਤੇ ਕੰਮ ਕਰਦਾ ਹੈ। ਉਹ ਹੋਰ ਸਟਾਫ ਨਾਲ ਪੈਟਰੋਲ ਪੰਪ ’ਤੇ ਕੰਮ ਕਰ ਰਿਹਾ ਸੀ।

ਇਸ ਦੌਰਾਨ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਥੇ ਪੁੱਜੇ। ਇਕ ਲੁਟੇਰਾ ਮੋਟਰਸਾਈਕਲ ਸਟਾਰਟ ਕਰ ਕੇ ਉਸ ’ਤੇ ਬੈਠਾ ਰਿਹਾ ਤੇ ਦੋ ਨੌਜਵਾਨ ਉਸ ਵੱਲ ਵਧਣ ਲੱਗੇ। ਇਕ ਲੁਟੇਰੇ ਨੇ ਕੋਲ ਆ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਜੇਬ ’ਚ ਰੱਖੇ ਪੈਸੇ ਕੱਢ ਕੇ ਦੇਣ ਲਈ ਕਿਹਾ। ਨਕਾਬਪੋਸ਼ਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਡਰ ਗਿਆ ਤੇ ਉਥੋਂ ਭੱਜਣ ਲੱਗਾ। ਇਸ ਦੌਰਾਨ ਦੋਵੇਂ ਨੇ ਉਸ ਨੂੰ ਘੇਰ ਲਿਆ। ਇਕ ਨੇ ਪਿਸਤੌਲ ਕੱਢ ਕੇ ਉਸ ਵੱਲ ਇਸ਼ਾਰਾ ਕੀਤਾ ਤੇ ਦੇਖਦਿਆਂ ਹੀ ਦੇਖਦਿਆਂ ਉਸ ਦੀ ਲੱਤ ’ਚ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ। ਹੋਰ ਲੁਟੇਰਿਆਂ ਨੇ ਜੇਬ ’ਚੋਂ ਵੀਹ ਹਜ਼ਾਰ ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!