ਬਟਾਲੇ ਨੂੰ ਸਿੱਖ ਵਿਰਾਸਤੀ ਸ਼ਹਿਰ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇ – ਯੁੱਧਬੀਰ ਮਾਲਟੂ

ਬਟਾਲੇ ਨੂੰ ਸਿੱਖ ਵਿਰਾਸਤੀ ਸ਼ਹਿਰ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇ – ਯੁੱਧਬੀਰ ਮਾਲਟੂ

ਬਟਾਲਾ (ਸੰਦੀਪ ਸਿੰਘ ਸਹੋਤਾ ) – ਬਟਾਲਾ ਇੱਕ ਸਿੱਖ ਵਿਰਾਸਤੀ ਸ਼ਹਿਰ ਹੈ ਅਤੇ ਇਸਨੂੰ ਸਿੱਖ ਵਿਰਾਸਤੀ ਸ਼ਹਿਰ ਦੇ ਤੌਰ ‘ਤੇ ਹੀ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਦੇ ਚੇਅਰਮੈਨ ਯੁੱਧਬੀਰ ਸਿੰਘ ਮਾਲਟੂ ਨੇ ਕੀਤਾ। ਉਨ੍ਹਾਂ ਕਿਹਾ ਕਿ ਬਟਾਲਾ ਵੱਖ ਵੱਖ ਸਿੱਖ ਜਰਨੈਲਾਂ ਅਤੇ ਯੋਧਿਆਂ ਦੀ ਕਰਮ ਭੂਮੀ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਹਾਂਰਾਣੀ ਸਦਾ ਕੌਰ ਨੇ ਵਿਦੇਸ਼ੀ ਮੁਗ਼ਲ ਹਮਲਾਵਰਾਂ ਦੇ ਵਿਰੁੱਧ ਕਈ ਜੰਗਾਂ ਲੜੀਆਂ ਤੇ ਉਨ੍ਹਾਂ ਤੋਂ ਪੰਜਾਬ ਦੀ ਭੂਮੀ ਨੂੰ ਅਜ਼ਾਦ ਕਰਵਾਉਣ ਲਈ ਬਟਾਲੇ ਨੂੰ ਆਪਣਾ ਟਿਕਾਣਾ ਬਣਾਇਆ ਅਤੇ ਇੱਥੇ ਬੈਠ ਕੇ ਹੀ ਜੰਗਾਂ ਦੀਆਂ ਕਈ ਯੋਜਨਾਵਾਂ ਘੜੀਆਂ। ਉਨ੍ਹਾਂ ਦਾ ਨਿਵਾਸ ਅਸਥਾਨ ਅੱਜ ਵੀ ਬਟਾਲਾ ਦੇ ਉਹਰੀ ਮੁਹੱਲੇ ਵਿੱਚ ਖ਼ਸਤਾ ਹਾਲਤ ਵਿੱਚ ਹੈ ।

ਬਾਬਾ ਬੰਦਾ ਸਿੰਘ ਬਹਾਦਰ ਨੇ ਦੋ ਵਾਰ ਬਟਾਲੇ ਉਤੇ ਹਮਲਾ ਕੀਤਾ ਅਤੇ ਇਥੋਂ ਦੇ ਜ਼ਾਲਮ ਕਾਜ਼ੀ ਮੁਲਾਣਿਆਂ ਨੂੰ ਸਖ਼ਤ ਦੰਡ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਮਹਾਨ ਕਾਰਨਾਮੇ ਦੀ ਯਾਦ ਵਿੱਚ ਅੱਜ ਵੀ ਇੱਕ ਮੁਹੱਲੇ ਦਾ ਨਾਮ ਖੰਡਾ ਖੋਲਾ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜਿਸਨੇ ਮੁਗਲਾਂ ਵਿਰੁੱਧ ਅਨੇਕਾਂ ਯੁੱਧ ਲੜੇ ਅਨੇਕਾਂ ਹਿੰਦੂ ਲੜਕੀਆਂ ਨੂੰ ਮੁਗ਼ਲਾਂ ਦੀ ਕੈਦ ਵਿਚੋਂ ਮੁਕਤ ਕਰਵਾਇਆ ਅਤੇ ਵਿਸ਼ਾਲ ਖ਼ਾਲਸਾ ਰਾਜ ਕਾਇਮ ਕੀਤਾ। ਉਸ ਖਾਲਸਾ ਰਾਜ ਵਿੱਚ ਬਟਾਲੇ ਨੂੰ ਰਾਜਧਾਨੀ ਵੀ ਬਣਾਇਆ ਗਿਆ ਸੀ। ਇਸ ਤਰ੍ਹਾਂ ਬਟਾਲਾ ਇਹਨਾਂ ਯੋਧਿਆਂ ਦੀ ਕਰਮ ਭੂਮੀ ਰਿਹਾ ਹੈ ਅਤੇ ਹੁਣ ਮੈਂ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਗੁਰਦਾਸਪੁਰ-ਬਟਾਲਾ ਬਾਈਪਾਸ ‘ਤੇ ਬਾਬਾ ਬੰਦਾ ਸਿੰਘ ਬਹਾਦਰ , ਉਮਰਪੁਰਾ ਚੌਂਕ ਵਿੱਚ ਮਹਾਂਰਾਣੀ ਸਦਾ ਕੌਰ ਅਤੇ ਜਲੰਧਰ- ਅੰਮ੍ਰਿਤਸਰ ਬਾਈਪਾਸ ਚੌਂਕ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਲਗਾ ਕੇ ਇਸਨੂੰ ਸਿੱਖ ਵਿਰਾਸਤੀ ਸ਼ਹਿਰ ਦੀ ਦਿੱਖ ਦਿੱਤੀ ਜਾਵੇ ।

ਉਨ੍ਹਾਂ ਬਟਾਲਾ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇੱਕ ਮੀਟਿੰਗ ਕਰਕੇ ਸਾਂਝੇ ਤੌਰ ‘ਤੇ ਹੰਬਲਾ ਮਾਰਨ ਤਾਂ ਜੋ ਬਟਾਲੇ ਨੂੰ ਸਿੱਖ ਵਿਰਾਸਤੀ ਸ਼ਹਿਰ ਦੇ ਤੌਰ ‘ਤੇ ਐਲਾਨ ਕਰਵਾ ਕੇ ਇਸਦਾ ਨਾਮ ਦੇਸ਼ਾਂ- ਵਿਦੇਸ਼ਾਂ ਵਿੱਚ ਉੱਚਿਆਂ ਕੀਤਾ ਜਾ ਸਕੇ।

error: Content is protected !!