ਚਲਦੀ ਟਰੇਨ ਵਿਚ ਚੜ੍ਹਦਿਆਂ ਪੈਰ ਹੋ ਗਿਆ ਸਲਿਪ, ਟਰੇਨ ਤੇ ਪਲੇਟਫਾਰਮ ਦੇ ਗੈਪ ਵਿਚੋਂ ਲਾਈਨਾਂ ਉਤੇ ਜਾ ਡਿੱਗਾ, ਹੋ ਗਈ ਮੌਤ

ਚਲਦੀ ਟਰੇਨ ਵਿਚ ਚੜ੍ਹਦਿਆਂ ਪੈਰ ਹੋ ਗਿਆ ਸਲਿਪ, ਟਰੇਨ ਤੇ ਪਲੇਟਫਾਰਮ ਦੇ ਗੈਪ ਵਿਚੋਂ ਲਾਈਨਾਂ ਉਤੇ ਜਾ ਡਿੱਗਾ, ਹੋ ਗਈ ਮੌਤ

ਵੀਓਪੀ ਬਿਉਰੋ, ਜਲੰਧਰ–ਸਿਟੀ ਰੇਲਵੇ ਸਟੇਸ਼ਨ ਜਲੰਧਰ ਵਿਖੇ ਬੁੱਧਵਾਰ ਦੇਰ ਸ਼ਾਮ ਦਰਦਨਾਕ ਹਾਦਸਾ ਵਾਪਰ ਗਿਆ। ਹਾਵੜਾ ਜਾਣ ਵਾਲੀ ਟਰੇਨ ਹਾਵੜਾ ਮੇਲ (13006) ਵਿਚ ਚੜ੍ਹਦੇ ਸਮੇਂ ਇਕ ਵਿਅਕਤੀ ਰੇਲ ਲਾਈਨਾਂ ਵਿਚ ਡਿੱਗ ਗਿਆ ਤੇ ਚਲਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ  ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁਹੰਮਦ ਫਿਰੋਜ਼ ਆਲਮ (33) ਆਪਣੇ 12 ਸਾਲਾ ਪੁੱਤਰ ਆਜ਼ਾਦ ਨਾਲ ਆਪਣੇ ਪਿੰਡ ਜਾਣ ਲਈ ਸਟੇਸ਼ਨ ’ਤੇ ਪਹੁੰਚਿਆ ਸੀ। ਯੂ. ਪੀ-ਬਿਹਾਰ ਵੱਲ ਜਾਣ ਵਾਲੀ ਜਨਸੇਵਾ ਐਕਸਪ੍ਰੈੱਸ ਅਤੇ ਜਨਨਾਇਕ ਐਕਸਪ੍ਰੈੱਸ ਬੁੱਧਵਾਰ ਨੂੰ ਰੱਦ ਹੋਣ ਕਾਰਨ ਹਾਵੜਾ ਮੇਲ ਵਿਚ ਸਫ਼ਰ ਕਰਨ ਵਾਲਿਆਂ ਦੀ ਕਾਫ਼ੀ ਭੀੜ ਸੀ।


ਸੂਤਰਾਂ ਮੁਤਾਬਕ ਟਰੇਨ ਆਪਣੇ ਨਿਰਧਾਰਿਤ ਸਟਾਪੇਜ ਤੋਂ ਬਾਅਦ ਜਦੋਂ ਚੱਲਣ ਲੱਗੀ ਤਾਂ ਕਾਫ਼ੀ ਲੋਕ ਚੜ੍ਹਨ ਤੋਂ ਰਹਿ ਗਏ। ਇਸ ਦੌਰਾਨ ਮੁਹੰਮਦ ਫਿਰੋਜ਼ ਆਲਮ ਨੇ ਚੱਲਦੀ ਟਰੇਨ ਵਿਚ ਚੜ੍ਹਨ ਦਾ ਯਤਨ ਕੀਤਾ ਤਾਂ ਉਹ ਪਲੇਟਫਾਰਮ ਅਤੇ ਟਰੇਨ ਦੇ ਵਿਚਕਾਰ ਖਾਲੀ ਥਾਂ ’ਚ ਹੇਠਾਂ ਡਿੱਗ ਗਿਆ। ਚੱਲਦੀ ਟਰੇਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਦ੍ਰਿਸ਼ ਦੇਖ ਕੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੇਨ ਵੀ ਰੁਕ ਗਈ। ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਗੰਭੀਰ ਹਾਲਤ ਵਿਚ ਸਟ੍ਰੈਚਰ ’ਤੇ ਪਾ ਕੇ ਰੇਲ ਲਾਈਨਾਂ ਵਿਚੋਂ ਬਾਹਰ ਕੱਢਿਆ। 108 ਐਂਬੂਲੈਂਸ ਵੀ ਸਟੇਸ਼ਨ ’ਤੇ ਪਹੁੰਚ ਗਈ, ਜਿਸ ਵਿਚ ਪਾ ਕੇ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।


ਏ. ਐੱਸ. ਆਈ. ਲਲਿਤ ਕੁਮਾਰ ਨੇ ਕਿਹਾ ਕਿ ਨਕੋਦਰ ਵਿਚ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਵੀਰਵਾਰ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਮ੍ਰਿਤਕ ਦੇ ਪੁੱਤਰ ਆਜ਼ਾਦ ਨੇ ਦੱਸਿਆ ਕਿ ਉਹ ਨਕੋਦਰ ਕੋਲ ਖੇਤਾਂ ਵਿਚ ਝੋਨਾ ਲਗਾਉਣ ਦਾ ਕੰਮ ਕਰਦੇ ਸਨ। ਉਸ ਦੀ ਮਾਂ ਬਿਹਾਰ ਵਿਚ ਹੀ ਰਹਿੰਦੀ ਹੈ।

error: Content is protected !!